ਇੰਟਰਨੈਸ਼ਨਲ ਡੈਸਕ- ਡੋਨਾਲਡ ਟਰੰਪ ਦੇ ਸੋਮਵਾਰ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ’ਚ ਕਿਹਾ ਕਿ ਅਮਰੀਕਾ ਦਾ ਸੁਨਹਿਰੀ ਯੁੱਗ ਹੁਣ ਸ਼ੁਰੂ ਹੋਇਆ ਹੈ। ਉਨ੍ਹਾਂ ਬਾਈਡੇਨ ਦੀ ਸਾਬਕਾ ਸਰਕਾਰ ‘ਤੇ ਹਮਲਾ ਬੋਲਿਆ ਤੇ ਕਿਹਾ ਕਿ ਇਸ ਨੇ ਕਈ ਗਲਤ ਫੈਸਲੇ ਲਏ ਸਨ। ਟਰੰਪ ਨੇ ਕਿਹਾ ਕਿ ਹੁਣ ਦੁਨੀਆ ਦਾ ਕੋਈ ਵੀ ਦੇਸ਼ ਸਾਡੀ ਵਰਤੋਂ ਨਹੀਂ ਕਰ ਸਕੇਗਾ। ਅਸੀਂ ਆਪਣੀ ਪ੍ਰਭੂਸੱਤਾ ਬਣਾਈ ਰੱਖਾਂਗੇ। ਉਨ੍ਹਾਂ ਇਕ ਵਾਰ ਫਿਰ ‘ਮੇਕ ਅਮਰੀਕਾ ਗ੍ਰੇਟ ਅਗੇਨ’ ਦਾ ਨਾਅਰਾ ਦੁਹਰਾਇਆ ਤੇ ਕਿਹਾ ਕਿ ਘੁਸਪੈਠ ਨੂੰ ਰੋਕਣ ਲਈ ਦੱਖਣੀ ਸਰਹੱਦ ‘ਤੇ ਐਮਰਜੈਂਸੀ ਲਗਾਈ ਗਈ ਹੈ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਮੈਕਸੀਕੋ ਦੀ ਸਰਹੱਦ ‘ਤੇ ਕੰਧ ਬਣਾਉਣਗੇ।
ਅਮਰੀਕਾ ਹੁਣ ਆਪਣੇ ਦੁਸ਼ਮਣਾਂ ਨੂੰ ਢੁਕਵਾਂ ਜਵਾਬ ਦੇਵੇਗਾ ਅਤੇ ਹਿੱਤ ਵਿੱਚ ਫੈਸਲੇ ਲਵੇਗਾ। ਟਰੰਪ ਨੇ “ਡ੍ਰਿਲ ਬੇਬੀ ਡ੍ਰਿਲ” ਦਾ ਨਾਅਰਾ ਦੁਹਰਾਇਆ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖੀ ਜਾਵੇਗੀ। ਨਸ਼ਾ ਤਸਕਰਾਂ ਨੂੰ ਅੱਤਵਾਦੀ ਐਲਾਨਿਆ ਜਾਵੇਗਾ। ਸਾਰੇ ਨਾਗਰਿਕਾਂ ਨੂੰ ਬਰਾਬਰ ਮੌਕੇ ਦਿੱਤੇ ਜਾਣਗੇ ਅਤੇ ਬਰਾਬਰ ਵਿਵਹਾਰ ਕੀਤਾ ਜਾਵੇਗਾ। ਅੱਜ ਤੋਂ ਸਾਡਾ ਦੇਸ਼ ਫਿਰ ਤੋਂ ਖੁਸ਼ਹਾਲ ਹੋਵੇਗਾ। ਅਸੀਂ ਕਿਸੇ ਵੀ ਦੇਸ਼ ਨੂੰ ਅਮਰੀਕਾ ਦਾ ਨਾਜਾਇਜ਼ ਫਾਇਦਾ ਨਹੀਂ ਚੁੱਕਣ ਦਵਾਂਗੇ। ਅਸੀਂ ਆਪਣੀ ਪ੍ਰਭੂਸੱਤਾ ਮੁੜ ਪ੍ਰਾਪਤ ਕਰਾਂਗੇ। ਸੁਰੱਖਿਆ ਬਹਾਲ ਕਰਕੇ, ਅਮਰੀਕਾ ਨੂੰ ਸਰਵਉੱਚ ਰਾਸ਼ਟਰ ਬਣਾਇਆ ਜਾਵੇਗਾ। ਅਸੀਂ ਅਮਰੀਕਾ ਨੂੰ ਇੱਕ ਅਜਿਹਾ ਦੇਸ਼ ਬਣਾਵਾਂਗੇ ਜਿਸਨੂੰ ਮਾਣ, ਖੁਸ਼ਹਾਲ ਅਤੇ ਆਜ਼ਾਦ ਕਿਹਾ ਜਾਵੇਗਾ।