ਜਲੰਧਰ -ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਬਿਜਲੀ ਦੀ ਖ਼ਰਾਬੀ ਨਾਲ ਸਬੰਧਤ ਸ਼ਿਕਾਇਤਾਂ ਵਿਚ ਭਾਰੀ ਕਮੀ ਆਈ ਹੈ। ਇਸ ਕਾਰਨ ਵਿਭਾਗੀ ਅਧਿਕਾਰੀ ਨਿਰਵਿਘਨ ਬਿਜਲੀ ਸਪਲਾਈ ਨੂੰ ਲੈ ਕੇ ਰਾਹਤ ਮਹਿਸੂਸ ਕਰ ਰਹੇ ਹਨ ਅਤੇ ਦੂਜੇ ਕੰਮਾਂ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਇਸ ਸਿਲਸਿਲੇ ਵਿਚ ਗਲਤ ਢੰਗ ਨਾਲ ਲਾਏ ਗਏ ਮੀਟਰਾਂ ਦੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਮੀਟਰ ਉਤਾਰਨ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਸਕੀਮ ਸ਼ੁਰੂ ਕਰਨ ਤੋਂ ਬਾਅਦ ਨਵੇਂ ਕੁਨੈਕਸ਼ਨਾਂ ਵਿਚ ਭਾਰੀ ਵਾਧਾ ਵੇਖਣ ਨੂੰ ਮਿਲਿਆ। ਹਰੇਕ ਇਲਾਕੇ ਵਿਚ ਗਲਤ ਢੰਗ ਨਾਲ ਮੀਟਰ ਲੁਆਉਣ ਦੀ ਹੋੜ ਮਚ ਗਈ ਅਤੇ ਇਕ ਘਰ ਵਿਚ 2 ਮੀਟਰ ਲੁਆ ਕੇ ਮੁਫ਼ਤ ਬਿਜਲੀ ਸਕੀਮ ਦਾ ਦੁੱਗਣਾ ਲਾਭ ਲੈਣ ਦੇ ਯਤਨ ਤੇਜ਼ ਹੋ ਗਏ।
ਨਵੇਂ ਮੀਟਰ ਲੱਗਣ ਕਾਰਨ ਬਿਜਲੀ ਦੀ ਮੰਗ ਨੇ ਰਿਕਾਰਡ ਤੋੜ ਦਿੱਤੇ ਅਤੇ ਸਰਕਾਰ ’ਤੇ ਸਬਸਿਡੀ ਦਾ ਬੋਝ ਵਧ ਗਿਆ। ਨਵੇਂ ਕੁਨੈਕਸ਼ਨਾਂ ਕਾਰਨ ਬਿਜਲੀ ਦੀ ਮੰਗ ਇੰਨੀ ਵਧ ਗਈ ਕਿ ਪਾਵਰਕਾਮ ਮੈਨੇਜਮੈਂਟ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸੇ ਕਾਰਨ ਪਾਵਰਕਾਮ ਨੇ ਗਲਤ ਢੰਗ ਨਾਲ ਲਾਏ ਗਏ ਮੀਟਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਭਵਿੱਖ ਵਿਚ ਵਿਭਾਗ ਨੂੰ ਰਾਹਤ ਮਿਲ ਸਕੇ। ਇਕ ਪਾਸੇ ਜਿੱਥੇ ਪਾਵਰਕਾਮ ਨੂੰ ਗਲਤ ਢੰਗ ਨਾਲ ਲਾਏ ਗਏ ਮੀਟਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਫਾਇਦਾ ਹੋਵੇਗਾ, ਉੱਥੇ ਹੀ ਦੂਜੇ ਪਾਸੇ ਸਰਕਾਰ ਨੂੰ ਹਰ ਮਹੀਨੇ ਕਰੋੜਾਂ ਰੁਪਏ ਦੀ ਬੱਚਤ ਹੋਵੇਗੀ। ਇਸ ਕਾਰਨ ਪਾਵਰਕਾਮ ਵੱਲੋਂ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤਹਿਤ ਗਲਤ ਢੰਗ ਨਾਲ ਮੀਟਰ ਲੁਆਉਣ ਵਾਲਿਆਂ ਦੇ ਮੀਟਰ ਉਤਰਦੇ ਹੋਏ ਨਜ਼ਰ ਆਉਣਗੇ।