ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਤੋਂ ਮੁਫ਼ਤ ਰਾਸ਼ਨ ਯੋਜਨਾ ਦੇ ਲਗਭਗ 24 ਲੱਖ ਲਾਭਪਾਤਰੀਆਂ ਦੇ ਭਵਿੱਖ ਬਾਰੇ ਸਪੱਸ਼ਟੀਕਰਨ ਮੰਗਿਆ ਹੈ ਕਿਉਂਕਿ ਇਨ੍ਹਾਂ ਮਾਮਲਿਆਂ ਦੀ ਕੇਂਦਰ ਸਰਕਾਰ ਵਲੋਂ ਹੋਰ ਪੜਤਾਲ ਲਈ ਝੰਡੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ’ਚ ਲਾਭਪਾਤਰੀਆਂ ਬਾਰੇ ਜਾਣਕਾਰੀ ਮੰਗਣ ਤੋਂ ਇਲਾਵਾ ਇਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਤਸਦੀਕ ਪੂਰੀ ਹੋਣ ਬਾਰੇ ਸਵਾਲ ਚੁੱਕਿਆ ਸੀ ਤਾਂ ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੀ ਰਾਜ ਮੰਤਰੀ ਨਿਮੁਬੇਨ ਜਯੰਤੀਭਾਈ ਭੰਭਾਨੀਆ ਨੇ ਦੱਸਿਆ ਸੀ ਕਿ ਪੰਜਾਬ ’ਚ ਕੁੱਲ 40,93,003 ਰਾਸ਼ਨ ਕਾਰਡਾਂ ਦੇ ਮੁਕਾਬਲੇ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ ਅਧੀਨ ਸੂਬੇ ’ਚ 1.51 ਕਰੋੜ ਲਾਭਪਾਤਰੀ ਸਨ।
ਇਸ ਸਬੰਧੀ ਵੜਿੰਗ ਨੇ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ 20,69,338 ਲਾਭਪਾਤਰੀਆਂ ਦੀ ਈ-ਕੇ. ਵਾਈ. ਸੀ. ਹੁਣ ਤੱਕ ਪੂਰੀ ਨਹੀਂ ਹੋਈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਤਸਦੀਕ ਪ੍ਰਕਿਰਿਆ ਨੂੰ ਪੂਰਾ ਕਰਨ ’ਚ ਦੇਰੀ ’ਤੇ ਚਿੰਤਾ ਪ੍ਰਗਟਾਈ।

