ਜੇਲ ‘ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੇ ਬੁਲਾਰੇ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਇਫਤਾਰ ਖਾਣੇ ‘ਚ ‘ਟਾਇਲਟ ਕਲੀਨਰ’ ਦੀਆਂ ਦੋ ਤੋਂ ਤਿੰਨ ਬੂੰਦਾਂ ਮਿਲਾਈਆਂ ਗਈਆਂ ਸਨ। ਉਨ੍ਹਾਂ ਦਾਅਵਾ ਕੀਤਾ ਕਿ 24 ਫਰਵਰੀ ਨੂੰ ਸ਼ਬ-ਏ-ਬਰਾਤ ਦੌਰਾਨ ਪਰੋਸੇ ਜਾਣ ਵਾਲੇ ਖਾਣੇ ਵਿਚ ਕਥਿਤ ਤੌਰ ’ਤੇ ਕਲੀਨਰ ਮਿਲਾਇਆ ਗਿਆ ਸੀ।
ਬੁਲਾਰੇ ਨੇ ਕਿਹਾ ਕਿ ਗ੍ਰਿਫਤਾਰੀ ਤੋਂ ਪਹਿਲਾਂ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਸਮੇਤ ਕੋਈ ਸਿਹਤ ਸਮੱਸਿਆ ਨਹੀਂ ਸੀ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ, ”ਬੁਸ਼ਰਾ ਬੀਬੀ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਸਿਹਤ ਵਿਗੜ ਰਹੀ ਹੈ, ਉਸ ਨੂੰ ਕੁੱਝ ਹੋ ਗਿਆ ਹੈ।” ਬੁਸ਼ਰਾ ਅਤੇ ਇਮਰਾਨ ਖਾਨ ਦੇ ਵਿਆਹ ਨੂੰ ਫਰਵਰੀ ‘ਚ ‘ਗੈਰ-ਇਸਲਾਮਿਕ ਵਿਆਹ’ ਕਰਾਰ ਦਿਤਾ ਗਿਆ ਸੀ ਅਤੇ ਦੋ ਵੱਖ-ਵੱਖ ਮਾਮਲਿਆਂ ‘ਚ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਉਸ ਨੂੰ ਗਾਲਾ ਸਥਿਤ ਅਪਣੇ ਘਰ ‘ਚ ਬੰਦ ਕਰ ਦਿਤਾ ਗਿਆ ਹੈ।