ਅੰਮ੍ਰਿਤਸਰ- ਅੰਮ੍ਰਿਤਸਰ ‘ਚ ਇੱਕ ਵਾਰ ਫਿਰ ਤੋਂ ਕ੍ਰਾਈਮ ਦੀਆਂ ਵਾਰਦਾਤਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਏਅਰਪੋਰਟ ਰੋਡ ਜੁਝਾਰ ਐਵਨਿਊ ਦਾ ਹੈ। ਜਿੱਥੇ ਕਿ ਇੱਕ ਘਰ ਦੇ ਬਾਹਰ ਅਨਪਛਾਤੇ ਵਿਅਕਤੀਆਂ ਵੱਲੋਂ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੁਝਾਰ ਐਵਨਿਊ ਦੇ ਵਾਸੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਜੁਝਾਰ ਐਵਨਿਊ ‘ਚ 26 ਨੰਬਰ ਕੋਠੀ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਪਹੁੰਚ ਕੇ ਗੋਲੀਆਂ ਚਲਾਈਆਂ ਗਈਆਂ ਅਤੇ ਉਹਨਾਂ ਨੂੰ ਦੱਸਿਆ ਕਿ ਕੋਠੀ ‘ਚ ਸਿਰਫ ਇੱਕ ਬਜ਼ੁਰਗ ਮਹਿਲਾ ਹੀ ਰਹਿੰਦੀ ਹੈ ਅਤੇ ਬਾਕੀ ਪਰਿਵਾਰਿਕ ਮੈਂਬਰ ਵਿਦੇਸ਼ ਵਿੱਚ ਰਹਿੰਦੇ ਹਨ। ਉਨ੍ਹਾਂ ਦੱਸਿਆ ਜਿਵੇਂ ਹੀ ਹਮਲਾਵਾਰਾਂ ਵੱਲੋਂ ਪਹਿਲਾਂ ਗੋਲੀਆਂ ਚਲਾਈਆਂ ਗਈਆਂ ਤਾਂ ਇਲਾਕਾ ਵਾਸੀਆਂ ਨੂੰ ਅਜਿਹਾ ਲੱਗਾ ਕਿ ਸ਼ਾਇਦ ਕੋਈ ਪਟਾਕੇ ਚਲਾ ਰਿਹਾ ਹੋਵੇ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਸਹਿਮ ਦਾ ਮਾਹੌਲ ਹੈ।
ਦੂਜੇ ਪਾਸੇ ਇਸ ਮਾਮਲੇ ‘ਚ ਕੋਠੀ ਦਾ ਜਾਇਜ਼ਾ ਲੈਣ ਪਹੁੰਚੇ ਥਾਣਾ ਕੰਟੋਨਮੈਂਟ ਦੀ ਪੁਲਸ ਅਧਿਕਾਰੀ ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੁਝਾਰ ਐਵਨਿਊ ‘ਚ ਇੱਕ ਕੋਠੀ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਵੱਲੋਂ ਮੌਕੇ ‘ਤੇ ਆ ਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨੌ ਦੇ ਕਰੀਬ ਗੋਲੀਆਂ ਹਮਲਾਵਾਰਾਂ ਵੱਲੋਂ ਚਲਾਈਆਂ ਗਈਆਂ ਹਨ ਫਿਲਹਾਲ ਕੋਠੀ ‘ਚ ਇੱਕ ਬਜ਼ੁਰਗ ਔਰਤ ਹੀ ਰਹਿੰਦੀ ਹੈ ਅਤੇ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਰ ਵੀ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਗੋਲੀਆਂ ਚਲਾਉਣ ਵਾਲੇ ਹਮਲਾਵਰਾਂ ਨੂੰ ਵੀ ਪੁਲਸ ਗ੍ਰਿਫ਼ਤਾਰ ਕਰ ਲਵੇਗੀ।