ਸੂਬੇ ’ਚ ਚੋਰੀ ਤੇ ਲੁੱਟ ਖੋਹਾਂ ਦੀਆਂ ਵਾਰਦਾਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੁਲਿਸ ਦੀ ਚੌਕਸੀ ਦੇ ਬਾਵਜੂਦ ਲੁਟੇਰੇ ਲਗਾਤਾਰ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ਕਿ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਰਹੇ। ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਬੁਲੇਟ ਬਾਈਕ ਸਵਾਰ ਦੋ ਲੁਟੇਰਿਆਂ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦਰਅਸਲ ਬੁਲਟ ਸਵਾਰ ਦੋਵੇਂ ਲੁਟੇਰੇ ਇੱਕ ਬਜ਼ੁਰਗ ਮਹਿਲਾ ਤੋਂ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਫਿਲਹਾਲ ਪੁਲਿਸ ਅਧਿਕਾਰੀਆਂ ਨੇ ਪੀੜਤਾ ਦੀ ਸ਼ਿਕਾਇਤ ‘ਤੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਵਾਰਦਾਤ ਦੀ ਘਟਨਾ ਬਠਿੰਡਾ ਦੇ ਗੋਨਿਆਣਾ ਰੋਡ ਨੇੜੇ ਸਥਿਤ ਆਦਰਸ਼ ਨਗਰ 7/8 ਵਾਲੀ ਗਲੀ ਦੀ ਹੈ, ਜਿੱਥੇ ਇੱਕ ਬਜ਼ੁਰਗ ਮਹਿਲਾ ਬਲਬੀਰ ਕੌਰ ਇੱਕ ਕਰਿਆਨੇ ਦੀ ਦੁਕਾਨ ਤੋਂ ਆਪਣੇ ਘਰ ਨੂੰ ਪਰਤ ਰਹੀ ਸੀ। ਇਸ ਦੌਰਾਨ ਬੁਲਟ ਮੋਟਰਸਾਇਕਲ ‘ਤੇ ਸਵਾਰ ਹੋ ਕੇ ਦੋ ਨੌਜਵਾਨ ਆਏ, ਜਿੰਨ੍ਹਾਂ ਨੇ ਬਜ਼ੁਰਗ ਮਹਿਲਾ ਦੇ ਕੰਨਾਂ ‘ਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਬਜ਼ੁਰਗ ਬਲਬੀਰ ਕੌਰ ਦੀ ਸ਼ਿਕਾਇਤ ’ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਿਰੁੱਧ ਕੇਸ ਦਰਜ਼ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।