ਮਾਨਸਾ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਐ ਜਿੱਥੇ ਪਿੰਡ ਕੋਟਲੀ ਕਲਾ ’ਚ ਘਰੇਲੂ ਕਲੇਸ਼ ਦੇ ਚਲਦਿਆਂ ਇੱਕ ਪਤੀ ਨੇ ਆਪਣੀ ਹੀ ਪਤਨੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
ਮ੍ਰਿਤਕ ਤੇ ਮੁਲਜ਼ਮ ਦੀ ਪਹਿਚਾਣ ਵੀਰਪਾਲ ਕੌਰ ਪਤਨੀ ਬਿੱਕਰ ਸਿੰਘ ਵੱਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹਿਲਾ ਦੋ ਬੱਚਿਆਂ ਦੀ ਮਾਂ ਹੈ। ਮ੍ਰਿਤਕ ਮਹਿਲਾ ਦੇ ਪੇਕੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਬਿੱਕਰ ਸਿੰਘ ਦਾ ਅਕਸਰ ਹੀ ਪਤਨੀ ਨਾਲ ਝਗੜਾ ਰਹਿੰਦਾ ਸੀ, ਜਿਸ ਕਾਰਨ ਉਸਨੇ ਇਸ ਕਤਲ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸ਼ੱਕ ਜਤਾਇਆ ਕਿ ਕਤਲ ਦੀ ਘਟਨਾ ’ਚ ਬਿੱਕਰ ਦੇ ਨਾਲ ਹੋਰ ਲੋਕ ਵੀ ਸ਼ਾਮਿਲ ਹੋ ਸਕਦੇ ਹਨ।
ਦੂਜੇ ਪਾਸੇ ਪਿੰਡ ਵਾਸੀਆਂ ਨੇ ਕਤਲ ਦੀ ਘਟਨਾ ਸਵੇਰ ਵੇਲੇ ਦੀ ਦੱਸੀ ਹੈ। ਫਿਲਹਾਲ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।