ਨਾਭਾ ’ਚ ਉਸ ਸਮੇਂ ਸ਼ਰੇਆਮ ਗੁੰਡਾਗਰਦੀ ਦਾ ਮਾਮਲਾ ਦੇਖਣ ਨੂੰ ਮਿਲਿਆ, ਜਦੋਂ ਕੌਰਟ ਕੰਪਲੈਕਸ ਵਿੱਚ ਪ੍ਰੈਕਟਿਸ ਕਰ ਰਹੇ ਵਕੀਲ ਯਸ਼ਪਾਲ ਗੋਇਲ ’ਤੇ ਅਣਪਛਾਤਿਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਵਕੀਲ ’ਤੇ ਇਹ ਹਮਲਾ ਉਦੋਂ ਕੀਤਾ ਗਿਆ ਜਦੋਂ ਵਕੀਲ ਆਪਣੇ ਘਰ ਤੋਂ ਕੁਝ ਦੂਰੀ ’ਤੇ ਸੀ। ਇਸ ਦੌਰਾਨ ਯਸ਼ਪਾਲ ਕਾਰ ’ਚ ਗੋਲਡਨ ਸਿਟੀ ’ਚ ਘਰ ਜਾ ਰਿਹਾ ਸੀ ਤਾਂ ਅਚਾਨਕ ਹਮਲਾਵਰਾਂ ਨੇ ਵਕੀਲ ਦੀ ਕਾਰ ਨੂੰ ਪਿੱਛੋਂ ਤੋਂ ਟੱਕਰ ਮਾਰ ਦਿੱਤੀ। ਜਦੋਂ ਵਕੀਲ ਬਾਹਰ ਨਿਕਲਿਆ ਤਾਂ ਹਮਲਾਵਰਾਂ ਨੇ ਰਾਡਾਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਜ਼ਖ਼ਮੀ ਹਾਲਤ ’ਚ ਪੀੜਤ ਵਕੀਲ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਹਸਪਤਾਲ ’ਚ ਜੇਰੇ ਇਲਾਜ਼ ਵਕੀਲ ਯਸ਼ਪਾਲ ਨੇ ਦੱਸਿਆ ਕਿ ਮੈਂ ਚਿੱਟੇ ਦੇ ਖਿਲਾਫ਼ ਆਵਾਜ਼ ਉਠਾ ਰਿਹਾ ਸੀ, ਇਸੇ ਕਰਕੇ ਮੇਰੇ ’ਤੇ ਇਹ ਹਮਲਾ ਕੀਤਾ ਗਿਆ। ਚਿੱਟੇ ਦੇ ਖਿਲਾਫ ਆਵਾਜ਼ ਉਠਾਉਣੀ ਮੈਨੂੰ ਭਾਰੀ ਪੈ ਗਈ। ਇਸ ਦੇ ਨਾਲ ਹੀ ਪੀੜਤ ਨੇ ਪ੍ਰਸ਼ਾਸਨ ਤੋਂ ਇੰਨਸਾਫ਼ ਦੀ ਮੰਗ ਕੀਤੀ ਹੈ। ਦੂਜੇ ਪਾਸੇ ਨਾਭਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਸਿੰਘ ਮੁੱਗੋ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਿਆ। ਉਨ੍ਹਾਂ ਕਿਹਾ ਕਿ ਜੋ ਘਟਨਾ ਘਟੀ ਹੈ, ਬਹੁਤ ਹੀ ਸ਼ਰਮਨਾਕ ਹੈ। ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਓਧਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਪਹੁੰਚੇ ਐਸਐਚਓ ਰੋਨੀ ਸਿੰਘ ਸੱਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।