ਲੁਧਿਆਣਾ : ਸਕੂਲ ਸਿੱਖਿਆ ਵਿਭਾਗ ਨੇ ਕੁਝ ਮਹੀਨੇ ਪਹਿਲਾਂ ਸਕੂਲਾਂ ਨੂੰ ਆਰ. ਟੀ. ਈ. ਦੀ ਸਥਾਈ ਮਾਨਤਾ ਜ਼ਰੂਰ ਦੇ ਦਿੱਤੀ ਹੈ ਪਰ ਵਿਭਾਗ ਦੇ ਧਿਆਨ ’ਚ ਆਇਆ ਹੈ ਕਿ ਸਥਾਈ ਮਾਨਤਾ ਮਿਲਣ ਤੋਂ ਬਾਅਦ, ਸਕੂਲ ਆਰ. ਟੀ. ਈ. ਦੇ ਨਿਯਮਾਂ ਅਤੇ ਮਾਪਦੰਡਾਂ ਤਹਿਤ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਸਰਟੀਫਿਕੇਟਾਂ ਨੂੰ ਅਪਡੇਟ ਨਹੀਂ ਕਰ ਰਹੇ ਹਨ। ਜਾਣਕਾਰੀ ਅਨੁਸਾਰ, ਬਹੁਤ ਸਾਰੇ ਸਕੂਲ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਫਾਇਰ ਸੇਫਟੀ ਅਤੇ ਇਮਾਰਤ ਸੁਰੱਖਿਆ ਸਰਟੀਫਿਕੇਟ ਵੀ ਰੀਨਿਊ ਨਹੀਂ ਕੀਤੇ ਹਨ।
ਇਸ ਦੇ ਨਾਲ ਹੀ, ਬਹੁਤ ਸਾਰੇ ਸਕੂਲਾਂ ਨੇ ਹੋਰ ਨਿਯਮਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੀ ਅਸਲੀਅਤ ਜਾਣਨ ਲਈ, ਡੀ. ਈ. ਓ. ਐਲੀਮੈਂਟਰੀ ਰਵਿੰਦਰ ਕੌਰ ਨੇ ਪ੍ਰਾਈਵੇਟ ਸਕੂਲਾਂ ਦਾ ਦੌਰਾ ਕਰਨ ਅਤੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਲਈ ਇਕ ਫਾਰਮੂਲਾ ਤਿਆਰ ਕੀਤਾ ਹੈ। ਇਸੇ ਲੜੀ ਤਹਿਤ ਡੀ. ਈ. ਓ. ਨੇ ਇਕ 7 ਮੈਂਬਰੀ ਟੀਮ ਬਣਾਈ ਹੈ, ਜੋ ਸਕੂਲਾਂ ਦਾ ਦੌਰਾ ਕਰੇਗੀ ਅਤੇ ਆਰ. ਟੀ. ਈ. ਐਕਟ-2009 ਤਹਿਤ ਦਸਤਾਵੇਜ਼ਾਂ ਦੀ ਜਾਂਚ ਕਰੇਗੀ। ਡੀ. ਈ. ਓ. ਐਲੀਮੈਂਟਰੀ ਵਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਪੱਧਰ ’ਤੇ ਬਣਾਈਆਂ ਗਈਆਂ ਨਿਰੀਖਣ ਟੀਮਾਂ ਲੁਧਿਆਣਾ ਦੇ ਸਾਰੇ ਪ੍ਰਾਈਵੇਟ ਸਕੂਲਾਂ ਦਾ ਨਿਯਮਤ ਨਿਰੀਖਣ ਕਰਨਗੀਆਂ ਅਤੇ ਨਿਰੀਖਣ ਰਿਪੋਰਟ ਸੂਬਾ ਸਰਕਾਰ ਨੂੰ ਭੇਜੀ ਜਾਵੇਗੀ।