ਸੰਗਰੂਰ : ਪੰਜਾਬ ਵਿਚ ਗਰਮੀ ਦੇ ਵਿਚਾਲੇ ਅੱਜ ਅਚਾਨਕ ਮੌਸਮ ਦਾ ਮਿਜਾਜ਼ ਬਦਲ ਗਿਆ। ਦੁਪਹਿਰੇ ਅਚਾਨਕ ਹੀ ਕਾਲੇ ਬੱਦਲ ਘਿਰ ਆਏ। ਇਸ ਦੌਰਾਨ ਸੰਗਰੂਰ ਵਿਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦਾ ਅਸਰ ਦੇਖਣ ਨੂੰ ਮਿਲਿਆ। ਇਸ ਦੌਰਾਨ ਹਵਾਵਾਂ ਇੰਨੀਆਂ ਤੇਜ਼ ਸਨ ਕਿ ਉਨ੍ਹਾਂ ਨੇ ਦਰੱਖਤਾਂ ਤੇ ਲੋਹੇ ਦੇ ਸ਼ੈਂਡਾਂ ਨੂੰ ਵੀ ਪੁੱਟ ਸੁੱਟਿਆ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਅੱਜ ਪੰਜਾਬ ਦੇ ਤਰਨਤਾਰਨ ਪੱਟੀ ‘ਚ ਗੜ੍ਹੇਮਾਰੀ ਹੋਣ ਕਾਰਨ ਮੌਸਮ ਇਕ ਵਾਰ ਫਿਰ ਠੰਡਾ ਹੋ ਗਿਆ ਹੈ। ਇਸ ਦੌਰਾਨ ਕਈ ਜ਼ਿਲ੍ਹਿਆਂ ‘ਚ ਠੰਡੀਆਂ ਹਵਾਵਾਂ ਵੀ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਵਿਚਾਲੇ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ 19 ਤੇ 20 ਅਪ੍ਰੈਲ ਮੀਂਹ ਪੈ ਸਕਦਾ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੇਗੀ ਤੇ ਤਾਪਮਾਨ ਵਿਚ 2 ਤੋਂ 4 ਡਿਗਰੀ ਤਕ ਗਿਰਾਵਟ ਵੀ ਆ ਸਕਦੀ ਹੈ।
ਦੱਸ ਦੇਈਏ ਕਿ 13 ਜ਼ਿਲ੍ਹਿਆਂ ‘ਚ ਅੱਜ ਮੀਂਹ ਅਤੇ ਤੂਫ਼ਾਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ 8 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਰੂਪਨਗਰ, ਐਸਏਐਸ ਨਗਰ, ਫਤਿਹਗੜ੍ਹ ਅਤੇ ਨਵਾਂ ਸ਼ਹਿਰ ਵਿੱਚ ਮੀਂਹ ਅਤੇ ਤੂਫ਼ਾਨ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ 5 ਜ਼ਿਲ੍ਹਿਆਂ ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿੱਚ ਮੀਂਹ ਅਤੇ ਤੂਫ਼ਾਨ ਨੂੰ ਲੈ ਕੇ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਮੇਂ ਦੌਰਾਨ, ਪੰਜਾਬ ਵਿੱਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।