ਫਰੀਦਕੋਟ- ਪੰਜਾਬ ਵਿਚ ਵੱਡਾ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫਰੀਦਕੋਟ ਪੁਲਸ ਨੇ ਬੰਬੀਹਾ ਗੈਗ ਦੇ ਏ-ਕੈਟਾਗਿਰੀ ਗੈਂਗਸਟਰ ਹਰਸਿਮਰਨਜੀਤ ਉਰਫ਼ ਸਿੰਮਾ ਬਹਿਬਲ ਦੇ 2 ਸਾਥੀਆਂ ਨੂੰ ਫਰੀਦਕੋਟ ਦੇ ਬੀੜ ਸਿੱਖਾ ਵਾਲਾ ਨੇੜੇ ਮੁਠਭੇੜ ਤੋਂ ਬਾਅਦ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਫਰੀਦਕੋਟ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਹਰਸਿਮਰਨਜੀਤ ਉਰਫ਼ ਸਿੰਮਾ ਜਿਸ ‘ਤੇ ਕਤਲ, ਨਸ਼ੇ, ਚੋਰੀ, ਖੋਹ ਅਤੇ ਅਸਲੇ ਐਕਟ ਤਹਿਤ ਕਰੀਬ 26 ਮੁਕੱਦਮੇ ਦਰਜ ਰਜਿਸਟਰ ਹਨ, ਉਸ ਦੇ ਸਾਥੀ ਫਰੀਦਕੋਟ ਦੇ ਏਰੀਆਂ ਵਿੱਚ ਘੁੰਮ ਰਹੇ ਹਨ। ਫਰੀਦਕੋਟ ਦੇ ਐੱਸ. ਐੱਸ. ਪੀ. ਪ੍ਰਗਿਆ ਜੈਨ ਨੇ ਕਿਹਾ ਕਿ ਪੰਜਾਬ ਪੁਲਸ ਸੰਗਠਿਤ ਅਪਰਾਧ ਨੂੰ ਖ਼ਤਮ ਕਰਨ ‘ਤੇ ਪੰਜਾਬ ਭਰ ਵਿੱਚ ਸ਼ਾਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਮਿਲੀ ਜਾਣਕਾਰੀ ਮੁਤਾਬਕ ਸੀ. ਆਈ. ਏ. ਜੈਤੋ ਅਤੇ ਥਾਣਾ ਜੈਤੋ ਦੀਆਂ ਟੀਮਾਂ ਵੱਲੋਂ ਬੀੜ ਸਿੱਖਾ ਵਾਲਾ ਨੇੜੇ ਨਾਕਾ ਲਗਾਇਆ ਹੋਇਆ ਸੀ, ਉਸ ਸਮੇਂ ਇਹ ਦੋਸ਼ੀ ਫਾਰਚਿਊਨਰ ਗੱਡੀ ‘ਤੇ ਆਉਂਦੇ ਵਿਖਾਈ ਦਿੱਤੇ, ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਸ ਟੀਮ ‘ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਸਰਕਾਰੀ ਗੱਡੀ ‘ਤੇ ਵੀ 03 ਫਾਇਰ ਲੱਗੇ ਅਤੇ ਮੌਕੇ ਤੋ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਦੇ ਜਵਾਬ ਵਿੱਚ ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਕੀਤੀ। ਜਿਸ ਵਿੱਚ ਇਹ 02 ਮੁਲਜ਼ਮ ਜ਼ਖ਼ਮੀ ਹੋ ਗਏ।