ਪੰਜਾਬ ’ਚ ਇੱਕ ਜੂਨ ਨੂੰ ਵੋਟਿੰਗ ਹੋਣੀ ਹੈ। ਇਸ ਤੋਂ ਪਹਿਲਾਂ ਪੰਜਾਬ ਚੋਣ ਕਮਿਸ਼ਨ ਨੇ ਪੋਲਿੰਗ ਬੂਥਾਂ ’ਤੇ ਤੰਬਾਕੂ ਦੀ ਵਰਤੋਂ ’ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਹਾਂਜੀ, ਜੇਕਰ ਤੁਸੀ ਸਿਗਰੇਟ, ਬੀੜੀ ਜਾਂ ਤੰਬਾਕੂ ਦੇ ਸੇਵਨ ਦੇ ਆਦੀ ਹੋ ਤਾਂ ਤੁਸੀ ਪੋਲਿੰਗ ਬੂਥ ’ਤੇ ਉਕਤ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਹੀਂ ਕਰ ਸਕੋਗੇ। ਇਸ ਦੇ ਨਾਲ ਹੀ ਇਹ ਨਿਯਮ ਵੋਟਿੰਗ ਸਮੇਂ ਤੈਨਾਤ ਕੀਤੇ ਗਏ ਅਧਿਕਾਰੀਆਂ ’ਤੇ ਵੀ ਲਾਗੂ ਹੋਵੇਗਾ। ਇਸ ਲਈ ਮੌਕੇ ’ਤੇ ਨਜ਼ਰ ਰੱਖਣ ਲਈ ਪੋਲਿੰਗ ਬੂਥਾਂ ਦੇ ਪ੍ਰੀਜ਼ਾਈਡਿੰਗ ਅਫ਼ਸਰਾਂ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਦਰਅਸਲ ਇਹ ਹਦਾਇਤਾਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਦਿੱਤੀਆਂ ਗਈਆਂ ਹਨ। ਨਿਯਮ ਤੋੜਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਚੋਣ ਅਧਿਕਾਰੀ ਦਾ ਕਹਿਣਾ ਹੈ ਕਿ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਵੋਟਰਾਂ ਲਈ ਸੁਰੱਖਿਅਤ ਤੇ ਰਚਨਾਤਕ ਮਾਹੌਲ ਯਕੀਨੀ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਫੈਸਲੇ ਦਾ ਮਹੱਤਵਪੂਰਨ ਟੀਚਾ ਤੰਬਾਕੂ ਦਾ ਸੇਵਨ ਨਾ ਕਰਨ ਵਾਲਿਆਂ ਨੂੰ ਇਸ ਦੇ ਧੂੰਏਂ ਦੇ ਸੰਪਰਕ ਤੋਂ ਬਚਾਉਣਾ ਤੇ ਲੋਕਾਂ ਨੂੰ ਤੰਦਰੁਸਤ ਸਿਹਤ ਪ੍ਰਤੀ ਉਤਸ਼ਾਹਿਤ ਕਰਨਾ ਹੈ। ਇਸ ਦੇ ਨਾਲ ਹੀ ਸਿਬਿਨ ਸੀ ਨੇ ਦੱਸਿਆ ਕਿ ਵੋਟਿੰਗ ਕੇਂਦਰਾਂ ‘ਤੇ ਫਾਰਮਸਿਸਟ ਵੀ ਤਾਇਨਾਤ ਕੀਤੇ ਜਾਣਗੇ ਤਾਂ ਕਿ ਅਚਾਨਕ ਕੋਈ ਪ੍ਰੇਸ਼ਾਨੀ ਹੋਣ ’ਤੇ ਤੁਰੰਤ ਇਲਾਜ਼ ਕੀਤਾ ਜਾ ਸਕੇ।