ਅਜਨਾਲਾ : ਅੱਜ ਤੜਕਸਾਰ ਥਾਣਾ ਅਜਨਾਲਾ ਦੇ ਬਾਹਰ ਕਿਸੇ ਸ਼ੱਕੀ ਵੱਲੋਂ ਬੰਬਨੁਮਾ ਚੀਜ਼ ਰੱਖਣ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਥਾਣਾ ਅਜਨਾਲਾ ਦੀ ਪੁਲਸ ‘ਚ ਹਫੜਾ-ਦਫੜੀ ਮਚ ਗਈ। ਬੰਬਨੁਮਾ ਵਸਤੂ ਦਾ ਪਤਾ ਲੱਗਣ ਸਾਰ ਹੀ ਥਾਣਾ ਅਜਨਾਲਾ ਦੇ ਡੀ. ਐੱਸ. ਪੀ. ਗੁਰਵਿੰਦਰ ਸਿੰਘ ਅਤੇ ਥਾਣਾ ਦੇ ਐੱਸ. ਐੱਚ. ਓ. ਸਤਪਾਲ ਸਿੰਘ ਨੇ ਮੌਕਾ ਸੰਭਾਲਦਿਆਂ ਸਾਰੇ ਥਾਣੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ।
ਅੰਮ੍ਰਿਤਸਰ ਤੋਂ ਪੁਲਸ ਦੇ ਉੱਚ ਅਧਿਕਾਰੀਆਂ ਦੇ ਪਹੁੰਚਣ ਦੀ ਉਡੀਕ ਕੀਤੀ ਜਾ ਰਹੀ ਹੈ। ਥਾਣਾ ਅਜਨਾਲਾ ਦੀ ਪੁਲਸ ਨੇ ਬੰਬਨੁਮਾ ਵਸਤੂ ਵਾਲੇ ਏਰੀਏ ਨੂੰ ਕਵਰ ਕਰਦਿਆਂ ਰੇਤ ਦੇ ਤੋੜੇ ਭਰ ਕੇ ਲਗਾ ਦਿੱਤੇ ਹਨ।
ਥਾਣਾ ਅਜਨਾਲਾ ਦੇ ਬਾਹਰ ਜਿਉਂ ਹੀ ਪੁਲਸ ਮੁਲਾਜ਼ਮਾਂ ਵੱਲੋਂ ਆਵਾਜਾਈ ਨੂੰ ਰੋਕਿਆ ਗਿਆ ਤਾਂ ਇੱਕ ਵਿਅਕਤੀ ਵੱਲੋਂ ਪੁਲਸ ਮੁਲਾਜ਼ਮ ਦੇ ਗਲ ਪੈ ਕੇ ਉਸ ਦੀ ਵਰਦੀ ਪਾੜ ਦਿੱਤੀ ਗਈ। ਥਾਣਾ ਅਜਨਾਲਾ ਦੇ ਬਿਲਕੁਲ ਸਾਹਮਣੇ ਇੰਡੀਅਨ ਆਰਮੀ ਦਾ ਕੈਂਪ ਅਤੇ ਬੀ. ਐੱਸ. ਐੱਫ. ਦਾ ਕੈਂਪ ਹੋਣ ਕਰਕੇ ਮਾਮਲਾ ਜ਼ਿਆਦਾ ਗੰਭੀਰ ਪਾਇਆ ਜਾ ਰਿਹਾ ਹੈ।