ਹਠੂਰ/ਰਾਏਕੋਟ : ਬੀਤੀ ਰਾਤ ਪਿੰਡ ਲੰਮੇ ‘ਚ ਅਣਪਛਾਤੇ ਲੁਟੇਰਿਆਂ ਵਲੋਂ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦੇ ਏ.ਟੀ.ਐੱਮ ਨੂੰ ਭੰਨ ਕੇ 17 ਲੱਖ 14500 ਰੁਪਏ ਦੀ ਵੱਡੀ ਰਕਮ ਲੁੱਟ ਲੈਣ ਦੀ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਦੇ ਮੈਨੇਜਰ ਰਿਸ਼ਭ ਅੱਗਰਵਾਲ ਨੇ ਦੱਸਿਆ ਕਿ ਅੱਜ ਸਵੇਰੇ ਬੈਂਕ ਦੇ ਨਜ਼ਦੀਕ ਰਹਿੰਦੇ ਵਿਆਕਤੀ ਨੇ ਫੋਨ ‘ਤੇ ਸੂਚਨਾ ਦਿੱਤੀ ਕਿ ਬੈਂਕ ਦਾ ਏ.ਟੀ.ਐੱਮ. ਟੁੱਟਿਆ ਹੋਇਆ ਹੈ ਅਤੇ ਇਸ ਦੀ ਸੂਚਨਾ ਮਿਲਦੇ ਹੀ ਉਹ ਬੈਂਕ ਪੁੱਜੇ ਅਤੇ ਚੋਰੀ ਦੀ ਘਟਨਾ ਸੰਬੰਧੀ ਮਾਮਲਾ ਪੁਲਸ ਅਧਿਕਾਰੀਆਂ ਤੇ ਬੈਂਕ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ।
ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਰਾਏਕੋਟ ਰਛਪਾਲ ਸਿੰਘ ਢੀਂਡਸਾ, ਥਾਣਾ ਸਦਰ ਰਾਏਕੋਟ ਦੇ ਇੰਚਾਰਜ ਨਰਿੰਦਰ ਸਿੰਘ, ਡੀ.ਐੱਸ.ਪੀ. (ਡੀ) ਸੰਦੀਪ ਵਡੇਰਾ, ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ, ਐੱਸ.ਐੱਚ.ਓ. ਹਠੂਰ ਗੁਲਜਿੰਦਰਪਾਲ ਸਿੰਘ ਸੇਖੋਂ ਤੇ ਫੋਰੈਂਸਿਕ ਟੀਮ ਦੇ ਮੈਂਬਰ ਨੇ ਮੌਕੇ ‘ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ। ਬੈਂਕ ਮੈਨੇਜਰ ਰਿਸ਼ਭ ਅੱਗਰਵਾਲ ਨੇ ਦੱਸਿਆ ਕਿ ਲੁਟੇਰਿਆਂ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਨੇੜਲੇ ਘਰਾਂ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਤੇ ਸਪਰੇਅ ਕਰ ਦਿੱਤੀ ਤੇ ਕਈ ਕੈਮਰਿਆਂ ਦੀ ਭੰਨਤੋੜ ਵੀ ਕੀਤੀ।