ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਤੋਂ ਸੜਕ ਹਾਦਸੇ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ਰਧਾਲੂਆਂ ਨਾਲ ਭਰਿਆ ਇੱਕ ਟਰੱਕ ਪਲਟ ਗਿਆ, ਜਿਸ ਕਾਰਨ ਘੱਟੋ-ਘੱਟ 14 ਕਾਵੜੀ ਜ਼ਖ਼ਮੀ ਹੋ ਗਏ। ਘਟਨਾ ਰਤਨਪੁਰੀ ਥਾਣਾ ਖੇਤਰ ਦੀ ਦੱਸੀ ਜਾ ਰਹੀ ਹੈ ਜਿੱਥੇ ਸਥੇਰੀ ਪਿੰਡ ਦੇ ਨੇੜੇ ਸ਼ਨੀਵਾਰ ਸਵੇਰੇ ਹਾਦਸਾ ਵਾਪਰਿਆ। ਫਿਲਹਾਲ ਸਾਰੇ ਜ਼ਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਵੜੀਆਂ ਦਾ ਇੱਕ ਟਰੱਕ ਗੰਗਾ ਜਲ ਲੈਣ ਲਈ ਆਗਰੇ ਤੋਂ ਹਰਿਦੁਆਰ ਵੱਲ ਨੂੰ ਜਾ ਰਿਹਾ ਸੀ। ਇਸ ਦੌਰਾਨ ਸ਼ਨੀਵਾਰ ਸਵੇਰੇ 8.30 ਵਜੇ ਜਦੋਂ ਟਰੱਕ ਪਿੰਡ ਸਥੇਰੀ ਨੇੜੇ ਪਹੁੰਚਿਆ ਤਾਂ ਕਿਸੇ ਕਾਰਨ ਟਰੱਕ ਦਾ ਟਾਇਰ ਫੱਟ ਗਿਆ। ਟਰੱਕ ਬੇਕਾਬੂ ਹੋ ਗਿਆ ਅਤੇ ਪਲਟ ਗਿਆ। ਪੁਲਿਸ ਅਧਿਕਾਰੀ ਰਾਮਾਸ਼ੀਸ਼ ਯਾਦਵ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚ ਕੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਜਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੌਰਾਨ ਮੇਰਠ-ਮੁਜ਼ੱਫਰਨਗਰ ਰੋਡ ‘ਤੇ ਕੁੱਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋ ਗਈ ਪਰ ਬਾਅਦ ’ਚ ਜਲਦੀ ਹੀ ਇਸ ਨੂੰ ਆਮ ਵਾਂਗ ਕਰ ਦਿੱਤਾ ਗਿਆ।