ਲੁਧਿਆਣਾ -ਅੰਮ੍ਰਿਤਸਰ-ਨਵੀਂ ਦਿੱਲੀ ਰੇਲਵੇ ਟਰੈਕ ’ਤੇ ਟਰੇਨਾਂ ’ਤੇ ਵਧ ਰਹੀਆਂ ਪੱਥਰਬਾਜ਼ੀ ਦੀਆਂ ਘਟਨਾਵਾਂ ਰੋਕਣ ਲਈ ਰੇਲਵੇ ਸੁਰੱਖਿਆ ਬਲਾਂ ਵੱਲੋਂ ਬਲੈਕ ਸਪਾਟ ਦੀ ਨਿਸ਼ਾਨਦੇਹੀ ਕਰ ਕੇ ਉਥੇ ਜਵਾਨਾਂ ਦੀ ਗਸ਼ਤ ਵਧਾਈ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਲਾਡੋਵਾਲ ਰੋਲਵੇ ਸਟੇਸ਼ਨ ਤੋਂ ਲੈ ਕੇ ਢੰਡਾਰੀ ਰੇਲਵੇ ਸਟੇਸ਼ਨ ਤੱਕ ਪੱਥਰਬਾਜ਼ੀ ਦੀਆਂ ਕੁਝ ਘਟਨਾਵਾਂ ਵਾਪਰੀਆਂ ਸਨ, ਜਿਸ ਸਬੰਧੀ ਆਰ.ਪੀ.ਐੱਫ. ਵੱਲੋਂ ਅਣਪਛਾਤਿਆਂ ਖਿਲਾਫ ਕੇਸ ਵੀ ਦਰਜ ਕੀਤੇ ਗਏ ਹਨ, ਜਦਕਿ ਇਕ ਮਾਮਲੇ ’ਚ ਪੁਲਸ ਨੇ ਮਿਲਰਗੰਜ ਦੇ ਕੋਲੋਂ 2 ਵਿਅਕਤੀਆਂ ਨੂੰ ਪੱਥਰਬਾਜ਼ੀ ਦੇ ਦੋਸ਼ ’ਚ ਕਾਬੂ ਵੀ ਕੀਤਾ ਸੀ।
ਅਧਿਕਾਰਤ ਸੂਤਰਾਂ ਮੁਤਾਬਕ ਲਾਡੋਵਾਲ ਰੇਲਵੇ ਟਰੈਕ ਪਾਰ ਕਰਨ ਤੋਂ ਬਾਅਦ ਜੱਸੀਆਂ ਕੋਲ ਹੀ ਜ਼ਿਆਦਾ ਪੱਥਰਬਾਜ਼ੀ ਦੀਆਂ ਵਾਰਦਾਤਾਂ ਹੋਈਆਂ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਜ਼ਿਆਦਾ ਵਾਰਦਾਤਾਂ ਐਤਵਾਰ ਨੂੰ ਹੋਈਆਂ। ਰਿਹਾਇਸ਼ੀ ਇਲਾਕੇ ਹੋਣ ਕਾਰਨ ਜ਼ਿਆਦਾਤਰ ਬੱਚੇ ਟਰੈਕ ਦੇ ਆਸ-ਪਾਸ ਖੇਡਦੇ ਹਨ। ਖੇਡਦੇ ਸਮੇਂ ਹੀ ਬੱਚੇ ਸ਼ਰਾਰਤਬਾਜ਼ੀ ’ਚ ਪੱਥਰਬਾਜ਼ੀ ਕਰਦੇ ਹਨ। ਇਸ ਲਈ ਰਿਹਾਇਸ਼ੀ ਇਲਾਕਿਆਂ ’ਚ ਜਾ ਕੇ ਵਾਰ-ਵਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਵੀ ਦੱਸਿਆ ਜਾ ਰਿਹਾ ਹੈ।