ਖੰਨਾ : ਸਾਬਕਾ ਰਾਸ਼ਟਰਪਤੀ ਸਵ. ਗਿਆਨੀ ਜੈਲ ਸਿੰਘ ਦੇ ਪੋਤੇ ਅਤੇ ਰਾਸ਼ਟਰੀ ਓ. ਬੀ. ਸੀ. ਮਹਾ ਸੰਘ ਦੇ ਕੌਮੀ ਮੀਤ ਪ੍ਰਧਾਨ ਇੰਦਰਜੀਤ ਸਿੰਘ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ । ਇੰਦਰਜੀਤ ਸਿੰਘ ਨੂੰ ਭਾਰਤ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਕਾਂਗਰਸ ਵਿਚ ਸ਼ਾਮਲ ਕਰਵਾਇਆ ਗਿਆ, ਜੋ ਕਿ ਕੁਝ ਸਮਾਂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ।
ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਨੇ ਦੱਸਿਆ ਕਿ ਭਾਜਪਾ ਦੀਆਂ ਨੀਤੀਆਂ ਉਨ੍ਹਾਂ ਨੂੰ ਪਸੰਦ ਨਹੀਂ ਆਈਆਂ ਸਨ, ਜਿਸ ਕਰ ਕੇ ਉਨ੍ਹਾਂ ਨੇ ਭਾਜਪਾ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਵਿਚ ਮੁੜ ਵਾਪਸੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਰਾਹੁਲ ਗਾਂਧੀ ਨਾਲ ਮਿਲ ਕੇ ਪੂਰੇ ਦੇਸ਼ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ।
ਜ਼ਿਕਰਯੋਗ ਹੈ ਕਿ ਇੰਦਰਜੀਤ ਸਿੰਘ ਦੀ ਪੂਰੇ ਭਾਰਤ ਵਿਚ ਹੇਠਲੇ ਪੱਧਰ ਤਕ ਲੋਕਾਂ ਵਿਚ ਮਜ਼ਬੂਤ ਪਕੜ ਹੈ, ਜਿਸ ਕਰ ਕੇ ਇਨ੍ਹਾਂ ਦੇ ਸ਼ਾਮਲ ਹੋਣ ਨਾਲ ਕਾਂਗਰਸ ਪਾਰਟੀ ਨੂੰ ਪੂਰੇ ਦੇਸ਼ ਵਿਚ ਵੱਡਾ ਲਾਭ ਹੋਵੇਗਾ । ਇੱਥੇ ਇਹ ਵੀ ਸਪੱਸ਼ਟ ਹੈ ਕਿ ਰਾਹੁਲ ਗਾਂਧੀ ਵਲੋਂ ਇੰਦਰਜੀਤ ਸਿੰਘ ਨੂੰ ਜਲਦ ਹੀ ਪੰਜਾਬ ਵਿਚ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।