ਜਲੰਧਰ : ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਰਿਜ਼ਰਵੇਸ਼ਨ ਬਾਰੇ ਫੈਸਲੇ ਦੇ ਵਿਰੋਧ ‘ਚ 21 ਅਗਸਤ ਨੂੰ ਭਾਰਤ ਬੰਦ ਦਾ ਵੱਖ-ਵੱਖ ਜਥੇਬੰਦੀਆਂ ਵਲੋਂ ਐਲਾਨ ਕੀਤਾ ਗਿਆ ਹੈ। ਇਸ ਐਲਾਨ ਦੇ ਵਿਚਾਲੇ ਸਭ ਦੇ ਮਨ ਵਿੱਚ ਇਕ ਹੀ ਸਵਾਲ ਹੈ ਕਿ, ਕੀ 21 ਅਗਸਤ, 2024 ਬੁੱਧਵਾਰ ਨੂੰ ਭਾਰਤ ਬੰਦ ਰਹੇਗਾ? ਇਸ ਦਾ ਪੰਜਾਬ ਵਿੱਚ ਵੀ ਕੋਈ ਅਸਰ ਹੋਵੇਗਾ। ਕੱਲ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ? ਤੁਹਾਡੇ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਅਸੀਂ ਦੇਣ ਜਾ ਰਹੇ ਹਾਂ ਪਰ ਦੱਸ ਦਈਏ ਕਿ ਸੋਸ਼ਲ ਮੀਡੀਆ ਐਕਸ ਮੁਤਾਬਕ ਅੱਜ ਇਸ ਤਰ੍ਹਾਂ ਦੇ ਸਵਾਲਾਂ ਨੂੰ ਲੈ ਕੇ ਕਾਫੀ ਚਰਚਾ ਛਿੜੀ ਰਹੀ। ਐਕਸ ‘ਤੇ ‘#21_ਅਗਸਤ_ਭਾਰਤ_ਬੰਦ’ ਟ੍ਰੈਂਡ ਕਰ ਰਿਹਾ ਹੈ। ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਬਹੁਜਨ ਸੰਗਠਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਦਾ ਕਾਰਨ ਰਾਖਵਾਂਕਰਨ ‘ਤੇ ਸੁਪਰੀਮ ਕੋਰਟ ਦਾ ਹਾਲੀਆ ਫੈਸਲਾ ਹੈ।
ਭਾਰਤ ਬੰਦ ਦੀ ਕਾਲ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਦੇ ਜਵਾਬ ਵਿੱਚ ਦਿੱਤੀ ਗਈ ਹੈ, ਜੋ ਸੂਬਿਆਂ ਨੂੰ ਐੱਸ. ਸੀ, ਅਤੇ ਐੱਸ.ਟੀ. ਸਮੂਹਾਂ ਵਿੱਚ ਉਪ-ਸ਼੍ਰੇਣੀਆਂ ਬਣਾਉਣ ਦੀ ਇਜਾਜਤ ਦੇ ਰਿਹਾ ਹੈ। ਸਤਾਧਾਰੀ ਦਾ ਉਦੇਸ਼ ਉਨ੍ਹਾਂ ਲਈ ਰਾਖਵੇਂਕਰਨ ਨੂੰ ਤਰਜੀਹ ਦੇਣਾ ਹੈ ਜਿਨ੍ਹਾਂ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਸਮਝੀ ਜਾਂਦੀ ਹੈ। ਆਲੋਚਕਾਂ ਦੀ ਦਲੀਲ ਹੈ ਕਿ ਇਹ ਫੈਸਲਾ ਮੌਜੂਦਾ ਰਿਜ਼ਰਵੇਸ਼ਨ ਪ੍ਰਣਾਲੀ ਨੂੰ ਕਮਜ਼ੋਰ ਕਰਦਾ ਹੈ ਅਤੇ ਪਹਿਲਾਂ ਹੀ ਇਸ ਤੋਂ ਲਾਭ ਉਠਾ ਰਹੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਬੰਦ ਦਾ ਮੁੱਖ ਉਦੇਸ਼ ਇਸ ਫੈਸਲੇ ਨੂੰ ਚੁਣੌਤੀ ਦੇਣਾ ਅਤੇ ਇਸ ਨੂੰ ਉਲਟਾਉਣ ਲਈ ਜ਼ੋਰ ਦੇਣਾ ਹੈ। ਆਓ ਹੁਣ ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਸੁਪਰੀਮ ਕੋਰਟ ਦੇ ਫੈਸਲੇ ‘ਤੇ।