ਨਵੀਂ ਦਿੱਲੀ- ਭਾਰਤ ਨੇ ਭੂਚਾਲ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਮਿਆਂਮਾਰ ਦੇ ਲੋਕਾਂ ਲਈ ਮਨੁੱਖੀ ਮਦਦ ਦੀ ਪਹਿਲੀ ਖੇਪ ਭੇਜੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਆਪਣੇ ਪੋਸਟ ‘ਚ ਲਿਖਿਆ,”ਹਵਾਈ ਫ਼ੌਜ ਦਾ ਸੀ-130 ਜਹਾਜ਼ ਕੰਬਲ, ਤਿਰਪਾਲ, ਸਵੱਛਤਾ ਕਿੱਟ, ਸਲੀਪਿੰਗ ਬੈਗ, ਸੋਲਰ ਲੈਂਪ, ਭੋਜਨ ਦੇ ਪੈਕੇਟ ਅਤੇ ਰਸੋਈ ਸੈੱਟ ਲੈ ਕੇ ਜਾ ਰਿਹਾ ਹੈ। ਇਸ ਉਡਾਣ ਨਾਲ ਇਕ ਖੋਜ਼ ਅਤੇ ਬਚਾਅ ਦਲ ਤੇ ਮੈਡੀਕਲ ਦਲ ਵੀ ਹੈ। ਅਸੀਂ ਘਟਨਾਕ੍ਰਮ ‘ਤੇ ਨਜ਼ਰ ਰੱਖਣਾ ਜਾਰੀ ਰਖਾਂਗੇ ਅਤੇ ਅੱਗੇ ਹੋਰ ਮਦਦ ਭੇਜੀ ਜਾਵੇਗੀ।”
ਦੱਸਣਯੋਗ ਹੈ ਕਿ ਮਿਆਂਮਾਰ ‘ਚ ਸ਼ੁੱਕਰਵਾਰ ਨੂੰ 7.7 ਤੀਬਰਤਾ ਦਾ ਭਿਆਨਕ ਭੂਚਾਲ ਆਇਆ ਸੀ। ਭੂਚਾਲ ਕਾਰਨ ਉੱਥੇ 674 ਲੋਕਾਂ ਦੇ ਮਾਰੇ ਜਾਣ ਅਤੇ 732 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਭੂਚਾਲ ਨਾਲ ਪ੍ਰਭਾਵਿਤ ਮਿਆਂਮਾਰ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।