ਨਵੀਂ ਦਿੱਲੀ/ਬਾਲਾਸੋਰ – ਭਾਰਤ ਨੇ ਬੁੱਧਵਾਰ ਨੂੰ ਆਪਣੀ ਰਣਨੀਤਕ ਫੌਜੀ ਸਮਰੱਥਾ ਦਾ ਪ੍ਰਦਰਸ਼ਨ ਕਰਦੇ ਹੋਏ ਮੱਧਮ ਦੂਰੀ ਦੀ ਬੈਲਿਸਟਿਕ ਮਿਜ਼ਾਈਲ ‘ਅਗਨੀ-5’ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਰੱਖਿਆ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ ‘ਅਗਨੀ-5’ ਦਾ ਪ੍ਰੀਖਣ ਓਡੀਸ਼ਾ ਦੇ ਚਾਂਦੀਪੁਰ ਵਿਖੇ ਏਕੀਕ੍ਰਿਤ ਟੈਸਟ ਰੇਂਜ ਤੋਂ ਕੀਤਾ ਗਿਆ ਅਤੇ ਇਹ ਮਿਜ਼ਾਈਲ ਸਾਰੇ ਸੰਚਾਲਨ ਅਤੇ ਤਕਨੀਕੀ ਮਾਪਦੰਡਾਂ ‘ਤੇ ਖਰੀ ਉਤਰੀ।
ਰੱਖਿਆ ਸੂਤਰਾਂ ਨੇ ਦੱਸਿਆ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ 11 ਮਾਰਚ, 2024 ਨੂੰ ਉਸੇ ਟੈਸਟ ਰੇਂਜ ਤੋਂ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ-ਐਂਟਰੀ ਵਹੀਕਲ (MIRV) ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ‘ਅਗਨੀ-5’ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਸੀ। ਸੂਤਰਾਂ ਅਨੁਸਾਰ, ਪੂਰੇ ਪ੍ਰੀਖਣ ਦੀ ਨਿਗਰਾਨੀ ਵੱਖ-ਵੱਖ ਟੈਲੀਮੈਟਰੀ ਅਤੇ ਰਾਡਾਰ ਕੇਂਦਰਾਂ ਤੋਂ ਕੀਤੀ ਗਈ ਅਤੇ ਮਿਜ਼ਾਈਲ ਸਾਰੇ ਨਿਰਧਾਰਤ ਮਾਪਦੰਡਾਂ ‘ਤੇ ਖਰੀ ਉਤਰੀ। ਭਾਰਤ ਨੇ ਪਹਿਲੀ ਵਾਰ 19 ਅਪ੍ਰੈਲ 2012 ਨੂੰ ਚਾਂਦੀਪੁਰ ਵਿਖੇ ਏਕੀਕ੍ਰਿਤ ਟੈਸਟ ਰੇਂਜ ਤੋਂ ‘ਅਗਨੀ-5’ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਸੀ।
ਉਦੋਂ ਇਸ ਮਿਜ਼ਾਈਲ ਨੂੰ ਹਿੰਦ ਮਹਾਸਾਗਰ ਵਿੱਚ ਇੱਕ ਨਿਰਧਾਰਤ ਬਿੰਦੂ ‘ਤੇ ਲਾਂਚ ਕੀਤਾ ਗਿਆ ਸੀ। ਇਹ ਮਿਜ਼ਾਈਲ ਵੱਧ ਤੋਂ ਵੱਧ 600 ਕਿਲੋਮੀਟਰ ਦੀ ਉਚਾਈ ਤੱਕ ਪਹੁੰਚ ਸਕਦੀ ਹੈ ਅਤੇ 5,000 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ।