ਸਪੋਰਟਸ – ਆਈਸੀਸੀ ਚੈਂਪੀਅਨਜ਼ ਟਰਾਫੀ 2025 ਵਿੱਚ ਅੱਜ (23 ਫਰਵਰੀ) ਭਾਰਤੀ ਟੀਮ ਨੇ ਪਾਕਿਸਤਾਨ ‘ਤੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਇਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। ਭਾਰਤ ਦੀ ਜਿੱਤ ਦਾ ਹੀਰੋ ਵਿਰਾਟ ਕੋਹਲੀ ਸੀ, ਜਿਸਨੇ ਅਜੇਤੂ ਸੈਂਕੜਾ ਲਗਾਇਆ। ਕੋਹਲੀ ਨੇ ਖੁਸ਼ਦਿਲ ਸ਼ਾਹ ਦੀ ਗੇਂਦ ‘ਤੇ ਚੌਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਭਾਰਤ ਨੂੰ ਜਿੱਤ ਵੱਲ ਵੀ ਲੈ ਗਏ। ਕੋਹਲੀ ਨੇ 111 ਗੇਂਦਾਂ ‘ਤੇ ਅਜੇਤੂ 100 ਦੌੜਾਂ ਬਣਾਈਆਂ, ਜਿਸ ਵਿੱਚ 7 ਚੌਕੇ ਸ਼ਾਮਲ ਸਨ।
ਭਾਰਤ ਨੇ ਪਾਕਿਸਤਾਨ ਨੂੰ ਕਰੋ ਜਾਂ ਮਰੋ ਦੇ ਮੁਕਾਬਲੇ ‘ਚ ਹਰਾ ਕੇ ਚੈਂਪੀਅਨਜ਼ ਟਰਾਫੀ ‘ਚੋਂ ਬਾਹਰ ਕਰ ਦਿੱਤਾ ਹੈ। ਇਸ ਤਰ੍ਹਾਂ ਭਾਰਤ ਨੇ ਪਾਕਿਸਤਾਨ ਤੋਂ ਚੈਂਪੀਅਨਜ਼ ਟਰਾਫੀ 2017 ‘ਚ ਮਿਲੀ ਹਾਰ ਦਾ ਬਦਲਾ ਲੈ ਲਿਆ ਹੈ।
ਪਾਕਿਸਤਾਨ ਨੇ ਭਾਰਤ ਨੂੰ ਜਿੱਤ ਲਈ 241 ਦੌੜਾਂ ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਰਹੀ। ਭਾਰਤ ਨੂੰ ਪਹਿਲਾ ਝਟਕਾ ਪੰਜਵੇਂ ਓਵਰ ਵਿੱਚ ਹੀ ਲੱਗਾ ਜਦੋਂ ਕਪਤਾਨ ਰੋਹਿਤ ਸ਼ਰਮਾ ਸ਼ਾਹੀਨ ਅਫਰੀਦੀ ਦੀ ਸ਼ਾਨਦਾਰ ਗੇਂਦ ‘ਤੇ ਬੋਲਡ ਹੋ ਗਏ। ਰੋਹਿਤ ਨੇ 15 ਗੇਂਦਾਂ ਵਿੱਚ 20 ਦੌੜਾਂ ਬਣਾਈਆਂ, ਜਿਸ ਵਿੱਚ 3 ਚੌਕੇ ਅਤੇ 1 ਛੱਕਾ ਸ਼ਾਮਲ ਸੀ। ਰੋਹਿਤ ਦੇ ਆਊਟ ਹੋਣ ਸਮੇਂ ਭਾਰਤ ਦਾ ਸਕੋਰ 31 ਦੌੜਾਂ ਸੀ।
ਇੱਥੋਂ, ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਨੇ ਮਿਲ ਕੇ ਪਾਰੀ ਦੀ ਕਮਾਨ ਸੰਭਾਲੀ। ਕੋਹਲੀ ਅਤੇ ਸ਼ੁਭਮਨ ਵਿਚਕਾਰ ਦੂਜੀ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਹੋਈ। ਲੈੱਗ ਸਪਿਨਰ ਅਬਰਾਰ ਅਹਿਮਦ ਨੇ ਸ਼ੁਭਮਨ ਗਿੱਲ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਖਤਮ ਕੀਤਾ। ਗਿੱਲ ਨੇ 52 ਗੇਂਦਾਂ ‘ਤੇ 46 ਦੌੜਾਂ ਬਣਾਈਆਂ, ਜਿਸ ਵਿੱਚ 7 ਚੌਕੇ ਸ਼ਾਮਲ ਸਨ।