ਨੈਸ਼ਨਲ ਡੈਸਕ- ਇਕ ਪਾਸੇ ਭਾਰਤ ਤੇ ਅਮਰੀਕਾ ਵਿਚਾਲੇ ਟੈਰਿਫ਼ਾਂ ਦੀ ਖਿੱਚੋਤਾਣ ਛਿੜੀ ਹੋਈ ਹੈ, ਉੱਥੇ ਹੀ ਦੋਵਾਂ ਦੇਸ਼ਾਂ ਨੇ ਸ਼ੁੱਕਰਵਾਰ 10 ਸਾਲ ਲਈ ਇਕ ਰੱਖਿਆ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਨੂੰ ਦੋਵਾਂ ਦੇਸ਼ਾਂ ਦਰਮਿਆਨ ਵਧ ਰਹੇ ਰਣਨੀਤਿਕ ਤਾਲਮੇਲ ਦਾ ਸੰਕੇਤ ਦੱਸਿਆ। ਇਹ ਸਮਝੌਤਾ ਰਾਜਨਾਥ ਸਿੰਘ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਪੀਟਰ ਹੇਗਸੇਥ ਦਰਮਿਆਨ ਕੁਆਲਾਲੰਪੁਰ ’ਚ ਹੋਈ ਮੀਟਿੰਗ ਦੌਰਾਨ ਹੋਇਆ।
ਸਮਝੌਤੇ ਅਧੀਨ ਅਮਰੀਕਾ ਭਾਰਤ ਨਾਲ ਉੱਨਤ ਰੱਖਿਆ ਤਕਨਾਲੋਜੀ ਸਾਂਝੀ ਕਰੇਗਾ। ਦੋਵੇਂ ਦੇਸ਼ ਮਿਲ ਕੇ ਹਥਿਆਰ, ਰੱਖਿਆ ਉਪਕਰਣ ਤੇ ਨਵੀਆਂ ਤਕਨਾਲੋਜੀਆਂ ਵਿਕਸਤ ਕਰਨਗੇ। ਉਨ੍ਹਾਂ ਦੀਆਂ ਏਜੰਸੀਆਂ ਵੱਲੋਂ ਸੁਰੱਖਿਆ ਜਾਣਕਾਰੀ ਸਾਂਝੀ ਕੀਤੀ ਜਾਏਗੀ।
ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕਾ ਵੱਲੋਂ ਭਾਰਤੀ ਸਾਮਾਨ ’ਤੇ 50 ਫੀਸਦੀ ਟੈਰਿਫ ਲਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਤਣਾਅਪੂਰਨ ਹਨ। ਰਾਜਨਾਥ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਪੀਟਰ ਨਾਲ ਆਪਣੀ ਗੱਲਬਾਤ ਤੋਂ ਬਾਅਦ ਕਿਹਾ ਕਿ ਅਸੀਂ 10 ਸਾਲ ਲਈ ‘ਅਮਰੀਕਾ ਤੇ ਭਾਰਤ ਦਰਮਿਆਨ ਪ੍ਰਮੁੱਖ ਰੱਖਿਆ ਭਾਈਵਾਲੀ ਢਾਂਚੇ ’ਤੇ ਹਸਤਾਖਰ ਕੀਤੇ ਹਨ। ਇਹ ਸਾਡੇ ਪਹਿਲਾਂ ਤੋਂ ਹੀ ਮਜ਼ਬੂਤ ਰੱਖਿਆ ਸਹਿਯੋਗ ’ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।

