ਇੰਟਰਨੈਸ਼ਨਲ — ਕੇਰਲ ਦੇ ਪਲੱਕੜ ਜ਼ਿਲ੍ਹੇ ਤੋਂ ਯਮਨ ਗਈ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਨੂੰ ਜੁਲਾਈ 2017 ‘ਚ ਯਮਨ ਦੇ ਇਕ ਨਾਗਰਿਕ ਦੇ ਕਤਲ ਦੇ ਦੋਸ਼ ‘ਚ ਦੋਸ਼ੀ ਪਾਇਆ ਗਿਆ ਸੀ। ਇਸ ਮਾਮਲੇ ‘ਚ ਅਦਾਲਤ ਨੇ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਸੀ ਤੇ ਉਸ ਨੂੰ 16 ਜੁਲਾਈ ਨੂੰ ਫਾਂਸੀ ਲਗਾਈ ਜਾਣੀ ਸੀ। ਹੁਣ ਉੱਥੋਂ ਹੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਸ ਦੀ ਫਾਂਸੀ ਦੀ ਸਜ਼ਾ ਟਾਲ ਦਿੱਤੀ ਗਈ ਹੈ।
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਉੱਥੋਂ ਦੇ ਸਥਾਨਕ ਅਧਿਕਾਰੀਆਂ ਨੇ ਉਸ ਦੀ ਫਾਂਸੀ ਨੂੰ ਟਾਲ ਦਿੱਤਾ ਹੈ। ਫਿਲਹਾਲ ਨਿਮਿਸ਼ਾ ਦੀ ਸਜ਼ਾ ਬਾਰੇ ਅਗਲੇਰੀ ਕੋਈ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਸਾਲ 2020 ‘ਚ ਯਮਨ ਦੀ ਅਦਾਲਤ ਨੇ ਨਿਮਿਸ਼ਾ ਨੂੰ ਕਤਲ ਦੇ ਮਾਮਲੇ ‘ਚ ਦੋਸ਼ੀ ਐਲਾਨਦੇ ਹੋਏ ਉਸ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਹੁਕਮ ਸੁਣਾਇਆ ਸੀ, ਜਿਸ ਮਗਰੋਂ ਉਸ ਨੇ ਦੇਸ਼ ਦੀ ਸਰਵਉੱਚ ਅਦਾਲਤ ‘ਚ ਸਜ਼ਾ ਮੁਆਫ਼ੀ ਦੀ ਅਪੀਲ ਦਾਇਰ ਕੀਤੀ ਸੀ, ਜਿਸ ਨੂੰ ਨਵੰਬਰ 2023 ‘ਚ ਰੱਦ ਕਰ ਦਿੱਤਾ ਗਿਆ ਸੀ।