ਚੰਡੀਗੜ੍ਹ: ਮੋਹਾਲੀ ਦੀ ਇੱਕ ਚੈਕ ਪੋਸਟ ‘ਤੇ ਤਾਇਨਾਤ ਇੱਕ ਇੰਸਪੈਕਟਰ ਡਿਊਟੀ ਦੌਰਾਨ ਲਾਪਰਵਾਹੀ ਨਾਲ ਆਪਣੀ ਕਾਰ ਵਿੱਚ ਸੁੱਤਾ ਪਾਇਆ ਗਿਆ। ਇਸ ਘਟਨਾ ਤੋਂ ਬਾਅਦ ਐਸਐਸਪੀ ਦੀਪਕ ਪਾਰੀਕ ਨੇ ਸਖ਼ਤ ਕਾਰਵਾਈ ਕਰਦਿਆਂ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।
ਇਹ ਕਾਰਵਾਈ ਅੱਜ ਤੜਕੇ 3 ਵਜੇ ਕੀਤੀ ਗਈ, ਜਦੋਂ ਐਸਐਸਪੀ ਵੱਲੋਂ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਨਾਲ ਲੱਗਦੀਆਂ ਨਾਕੇਬੰਦੀਆਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਪੁਲਸ ਲਾਈਨ ‘ਚ ਤਾਇਨਾਤ ਇੰਸਪੈਕਟਰ ਭੁਪਿੰਦਰ ਸਿੰਘ ਜੋ ਕਿ ਚੈਕਿੰਗ ਪੋਸਟ ‘ਤੇ ਤਾਇਨਾਤ ਸੀ, ਆਪਣੀ ਕਾਰ ‘ਚ ਸੁੱਤੇ ਪਏ ਮਿਲੇ।
ਐਸਐਸਪੀ ਨੇ ਕਿਹਾ ਕਿ ਡਿਊਟੀ ਵਿੱਚ ਅਜਿਹੀ ਅਣਗਹਿਲੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਸੁਚੇਤ ਰਹਿਣ ਅਤੇ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਹਨ |