ਚੰਡੀਗੜ੍ਹ : ਹਵਾ ਪ੍ਰਦੂਸ਼ਣ ਨੂੰ ਰੋਕਣ ਤੇ ਵਾਤਾਵਰਣ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਤਹਿਤ ਯੂ. ਟੀ. ਪ੍ਰਸ਼ਾਸਨ ਨੇ ਦੀਵਾਲੀ ਤੇ ਗੁਰਪੁਰਬ ’ਤੇ ਈਕੋ-ਫ੍ਰੈਂਡਲੀ ਗ੍ਰੀਨ ਪਟਾਕਿਆਂ ਦੀ ਇਜਾਜ਼ਤ ਦਿੱਤੀ ਹੈ। ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੀਟਿੰਗ ਦੌਰਾਨ ਸਾਫ਼-ਸੁਥਰੇ ਤੇ ਸਿਹਤਮੰਦ ਵਾਤਾਵਰਣ ਪ੍ਰਤੀ ਚੰਡੀਗੜ੍ਹ ਪ੍ਰਸ਼ਾਸਨ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ ਗਿਆ। ਚੰਡੀਗੜ੍ਹ ਦੇ ਵਸਨੀਕ ਇਸ ਤਿਉਹਾਰ ਨੂੰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਗ੍ਰੀਨ ਪਟਾਕਿਆਂ ਨਾਲ ਮਨਾ ਸਕਣਗੇ।
ਦੀਵਾਲੀ 31 ਅਕਤੂਬਰ (ਰਾਤ 8 ਵਜੇ ਤੋਂ 10 ਵਜੇ ਤੱਕ), ਗੁਰਪੁਰਬ 15 ਨਵੰਬਰ ਨੂੰ ਸਵੇਰੇ 4 ਤੋਂ 5 ਵਜੇ ਤੱਕ ਅਤੇ ਰਾਤ 9 ਤੋਂ 10 ਵਜੇ ਤੱਕ ਪਟਾਕੇ ਚਲਾਏ ਜਾਣਗੇ। ਗ੍ਰੀਨ ਕਰੈਕਰ ਨੂੰ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀ. ਐੱਸ. ਆਈ. ਆਰ.) ਦੀ ਸਹਾਇਕ ਸੰਸਥਾ, ਰਾਸ਼ਟਰੀ ਵਾਤਾਵਰਣ ਤੇ ਇੰਜੀਨੀਅਰਿੰਗ ਖੋਜ ਸੰਸਥਾ (ਨੀਰੀ) ਵੱਲੋਂ ਵਿਧੀਵਤ ਤੌਰ ’ਤੇ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ।
ਸਹੂਲਤ ਲਈ, ਹਰੇ ਪਟਾਕਿਆਂ ਦੀ ਵਿਕਰੀ ਲਈ ਨਿਰਦੇਸ਼ ਡੀ.ਸੀ. ਦਫ਼ਤਰ ਵੱਲੋਂ ਆਨਲਾਈਨ ਮੋਡ ’ਚ ਜਾਰੀ ਕੀਤੇ ਜਾਣਗੇ। ਜਿਸ ਨਾਲ ਵਿਕ੍ਰੇਤਾਵਾਂ ਲਈ ਪਾਰਦਰਸ਼ਤਾ ਤੇ ਆਸਾਨੀ ਨਾਲ ਪਹੁੰਚ ਨੂੰ ਯਕੀਨੀ ਬਣਾਇਆ ਜਾਵੇਗਾ।