ਜਲੰਧਰ-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਜਲੰਧਰ ਸ਼ਹਿਰ ’ਚ ਸਜਾਈ ਜਾਣ ਵਾਲੀ ਸ਼ਾਨਦਾਰ ਸ਼ੋਭਾ ਯਾਤਰਾ ’ਚ ਸ਼ਾਮਲ ਹੋਣ ਲਈ ਸਿਟੀ ਵਾਲਮੀਕਿ ਸਭਾ ਦੇ ਅਹੁਦੇਦਾਰਾਂ ਨੇ ਮੰਗਲਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਾ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਵਾਲਿਆਂ ’ਚ ਸਿਟੀ ਵਾਲਮੀਕਿ ਸਭਾ ਦੇ ਚੰਦਨ ਗਰੇਵਾਲ, ਚੇਅਰਮੈਨ ਰਾਜ ਕੁਮਾਰ ਰਾਜੂ, ਪ੍ਰਧਾਨ ਰਾਜੇਸ਼ ਭੱਟੀ, ਸੁਭਾਸ਼ ਸੌਂਧੀ, ਵਿਕਾਸ ਹੰਸ ਤੇ ਰਾਜੇਸ਼ ਪਦਮ ਆਦਿ ਸ਼ਾਮਲ ਸਨ।
ਇਸ ਮੌਕੇ ‘ਆਪ’ ਦੀ ਸੀਨੀਅਰ ਆਗੂ ਰਾਜਵਿੰਦਰ ਕੌਰ ਥਿਆੜਾ ਚੇਅਰਪਰਸਨ ਪਨਸਪ, ਸੀਨੀਅਰ ਆਗੂ ਤੇ ਉਪ-ਚੇਅਰਮੈਨ ਦਿਨੇਸ਼ ਢੱਲ, ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ ਅਤੇ ਹੋਰ ਵੀ ਹਾਜ਼ਰ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਟੀ ਵਾਲਮੀਕਿ ਸਭਾ ਦੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ 16 ਅਕਤੂਬਰ ਨੂੰ ਸਜਾਈ ਜਾਣ ਵਾਲੀ ਸ਼ੋਭਾ ਯਾਤਰਾ ’ਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ੋਭਾ ਯਾਤਰਾ ਦੇ ਆਯੋਜਨ ਵਿਚ ਪੂਰਾ ਸਹਿਯੋਗ ਦਿੱਤਾ ਜਾਵੇਗਾ।