ਅੰਮ੍ਰਿਤਸਰ- ਈਰਾਨ-ਇਜ਼ਰਾਈਲ ਯੁੱਧ ਕਾਰਨ ਅੰਮ੍ਰਿਤਸਰ ਤੋਂ ਦੁਬਈ ਦੀਆਂ ਦੋ ਉਡਾਣਾਂ ਮੰਗਲਵਾਰ ਨੂੰ ਰੱਦ ਹੋ ਗਈਆਂ। ਇਕ ਉਡਾਣ ਰਸਤੇ ਵਿਚੋਂ ਹੀ ਵਾਪਸ ਆ ਗਈ। ਇਸ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਝਲਣੀ ਪਈ। ਅੰਮ੍ਰਿਤਸਰ ਤੋਂ ਸਪਾਈਸ ਜੈੱਟ ਦੀ ਫਲਾਈਟ ਸਵੇਰੇ 9 ਵਜੇ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੀ ਸ਼ਾਮ 4.25 ਵਜੇ ਦੁਬਈ ਜਾਣੀ ਸੀ। ਈਰਾਨ-ਇਜ਼ਰਾਈਲ ਯੁੱਧ ਦੇ ਕਾਰਨ ਦੁਬਈ ਏਅਰਪੋਰਟ ਬੰਦ ਕਰ ਦਿੱਤਾ ਗਿਆ ਸੀ। ਇਸ ਨਾਲ ਦੋਵੇਂ ਫਲਾਈਟਾਂ ਨਹੀਂ ਗਈਆਂ। ਗੁਰਦਾਸਪੁਰ ਦੇ ਪਿੰਡ ਅਰਲੀਭੰਨ ਦੇ ਬਲਜੀਤ ਸਿੰਘ ਦੁਬਈ ਵਿਚ ਟਰਾਲਾ ਚਲਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਛੁੱਟੀ ਖ਼ਤਮ ਹੋਣ ਤੋਂ ਬਾਅਦ ਅੰਮ੍ਰਿਤਸਰ ਤੋਂ ਦੁਬਈ ਜਾਣਾ ਸੀ। ਸਵੇਰੇ 11 ਵਜੇ ਘਰੋਂ ਨਿਕਲਣ ਦੇ ਬਾਅਦ ਉਨ੍ਹਾਂ ਨੂੰ ਫਲਾਈਟ ਦੇ ਸਮੇਂ ਵਿਚ ਬਦਲਾਅ ਦਾ ਮੈਸੇਜ ਮਿਲਿਆ।
ਉਨ੍ਹਾਂ ਦੀ ਫਲਾਈ ਮੰਗਲਵਾਰ ਸਵੇਰੇ 8.20 ਵਜੇ ਰਵਾਨਾ ਹੋਈ ਪਰ ਦੁਬਈ ਏਅਰਪੋਰਟ ਬੰਦ ਹੋਣ ਕਾਰਨ ਵਾਪਸ ਆ ਗਈ। ਏਅਰਲਾਈਨਜ਼ ਨੇ 7 ਦਿਨਾਂ ਵਿਚ ਟਿਕਟ ਦੇ ਪੈਸੇ ਰਿਫੰਡ ਕਰਨ ਦਾ ਭਰੋਸਾ ਦਿੱਤਾ ਹੈ। ਮੰਗਲਵਾਰ ਨੂੰ ਦੋਹਾ-ਅੰਮ੍ਰਿਤਸਰ ਉਡਾਣ ਵੀ ਦੇਰੀ ਨਾਲ ਪਹੁੰਚੀ। ਬਲਜੀਤ ਸਿੰਘ ਨੇ ਦੱਸਿਆ ਕਿ ਇਸ ਫਲਾਈਟ ਵਿਚ 90 ਯਾਤਰੀ ਸਨ। ਉਧਰ ਯਾਤਰੀਆਂ ਨੇ ਹੰਗਾਮਾ ਕੀਤਾ। ਉਥੇ ਹੀ ਏਅਰਲਾਈਨਜ਼ ਨੇ ਕਿਹਾ ਕਿ ਯਾਤਰੀਆਂ ਨੂੰ 7 ਦਿਨਾਂ ਦੇ ਅੰਦਰ ਰਿਫੰਡ ਜਾਰੀ ਕਰ ਦਿੱਤਾ ਜਾਵੇਗਾ।