ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਲਾਲੂ ਯਾਦਵ ਕਹਿੰਦੇ ਹਨ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਮੁਸਲਮਾਨਾਂ ਨੂੰ ਰਾਖਵਾਂਕਰਨ ਦਿੱਤਾ ਜਾਵੇਗਾ, ਪਰ ਮੁਸਲਮਾਨਾਂ ਨੂੰ ਭਾਰਤ ਵਿੱਚ ਨਹੀਂ ਸਗੋਂ ਪਾਕਿਸਤਾਨ ਵਿੱਚ ਰਾਖਵਾਂਕਰਨ ਮਿਲਣਾ ਚਾਹੀਦਾ ਹੈ। ਦਰਅਸਲ ਲੋਕ ਸਭਾ ਚੌਣਾਂ ’ਚ ਪ੍ਰਚਾਰ ਲਈ ਅਸਾਮ ਦੇ ਮੁੱਖ ਮੰਤਰੀ ਬੇਗੂਸਰਾਏ ਪਹੁੰਚੇ ਸੀ ਜਿੱਥੇ ਉਨ੍ਹਾਂ ਨੇ ਭਾਜਪਾ ਉਮੀਦਵਾਰ ਗਿਰੀਰਾਜ ਸਿੰਘ ਲਈ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ।
ਇੱਥੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਪਾਰਟੀ ਵੱਲ ਨਿਸ਼ਾਨਾ ਸਾਧਿਆ। ਉਨ੍ਹਾਂ ਦਾਅਵਾ ਕਰਦਿਆ ਹੋਇਆ ਕਿਹਾ ਕਿ ਜੇਕਰ ਇਸ ਵਾਰ 400 ਤੋਂ ਵੱਧ ਸੀਟਾਂ ਨਾਲ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਦੇਸ਼ ‘ਚੋਂ ਲਵ ਜੇਹਾਦ ਨਾਮ ਦੀ ਚੀਜ਼ ਖ਼ਤਮ ਹੋ ਜਾਵੇਗੀ। ਅਸਾਮ ਦੇ ਮੁੱਖ ਮੰਤਰੀ ਨੇ ਕਿਹਾ, ‘ਸਾਡਾ ਰਾਖਵਾਂਕਰਨ ਐੱਸਸੀ-ਐੱਸਟੀ ਅਤੇ ਓਬੀਸੀ ਲਈ ਹੈ। ਕਾਂਗਰਸ ਝੂਠ ਬੋਲ ਕੇ ਤੁਸ਼ਟੀਕਰਨ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਹਿੰਦੂ ਹਨ, ਇਸ ਲਈ ਸਾਡਾ ਦੇਸ਼ ਧਰਮ ਨਿਰਪੱਖ ਹੈ। ਸਾਡਾ ਦੇਸ਼ ਸਾਰਿਆਂ ਲਈ ਹੈ।
ਹਾਂਲਾਕਿ ਦੇਖਿਆ ਜਾਵੇ ਤਾਂ ਅਸਾਮ ਦੇ ਮੁੱਖ ਮੰਤਰੀ ਨੇ ਇੱਕ ਪਾਸੇ ਭਾਰਤ ਨੂੰ ਧਰਮ ਨਿਰਪੱਖ ਦੇਸ਼ ਕਹਿ ਕੇ ਬਿਆਨਿਆ ਤੇ ਦੂਜੇ ਪਾਸੇ ਕਹਿ ਦਿੱਤਾ ਕਿ ਭਾਰਤ ਵਿੱਚ ਨਹੀਂ ਪਾਕਿਸਤਾਨ ’ਚ ਮੁਸਲਮਾਨਾਂ ਦਾ ਰਾਂਖਵਾਕਰਨ ਹੋਣਾ ਚਾਹੀਦਾ ਹੈ। ਹੁਣ ਸਵਾਲ ਖੜਾ ਹੁੰਦਾ ਹੈ ਕਿ ਕੀ ਮੁਸਲਮਾਨ ਭਾਰਤ ਦੇਸ਼ ਦੇ ਨਾਗਰਿਕ ਨਹੀਂ ਹਨ?