ਇੱਕ ਪਾਸੇ ਇਜ਼ਰਾਈਲ ਅਤੇ ਇਸਲਾਮਿਕ ਸਮੂਹ ਹਮਾਸ ਵਿਚਾਲੇ ਗਾਜ਼ਾ ’ਚ ਹਥਿਆਰਾਂ ਦੇ ਨਾਲ ਜੰਗ ਚੱਲ ਰਹੀ ਹੈ ਤਾਂ ਦੂਜੇ ਪਾਸੇ ਦੋਵਾਂ ਵਿਚਾਲੇ ਸ਼ਬਦੀ ਵਾਰ ਵੀ ਚੱਲ ਰਹੇ ਹਨ। ਦਰਅਸਲ ਅੰਤਰ-ਰਾਸ਼ਟਰੀ ਵਿਚੋਲਗੀ ਦੇ ਬਾਵਜੂਦ ਦੋਵੇ ਗਾਜ਼ਾ ਪੱਟੀ ਵਿੱਚ ਜੰਗਬੰਦੀ ਅਤੇ ਬੰਦੀਆਂ ਦੀ ਰਿਹਾਈ ਦੇ ਸੌਦੇ ਤੱਕ ਪਹੁੰਚਣ ਵਿੱਚ ਪ੍ਰਗਤੀ ਦੀ ਘਾਟ ਨੂੰ ਇੱਕ ਦੂਜੇ ’ਤੇ ਦੋਸ਼ ਲਗਾ ਰਹੇ ਹਨ। ਇਸ ਦੌਰਾਨ ਹਮਾਸ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ‘ਤੇ ਵਿਚੋਲੇਆਂ ਰਾਹੀਂ ਤਾਜ਼ਾ ਗੱਲਬਾਤ ਤੋਂ ਬਾਅਦ ਅਮਰੀਕੀ ਸਮਰਪਿਤ ਜੰਗਬੰਦੀ ਪ੍ਰਸਤਾਵ ‘ਚ ਨਵੀਆਂ ਸ਼ਰਤਾਂ ਅਤੇ ਮੰਗਾਂ ਜੋੜਨ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਨੇਤਨਯਾਹੂ ਨੇ ਕਿਸੇ ਵੀ ਬਦਲਾਅ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਹਮਾਸ ਖੁਦ ਮੂਲ ਪ੍ਰਸਤਾਵ ਵਿੱਚ ਕਈ ਬਦਲਾਅ ਲਈ ਜ਼ੋਰ ਦੇ ਰਿਹਾ ਹੈ।
ਹਮਾਸ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਵਿਚੋਲਿਆਂ ਨੇ ਜੋ ਰਿਪੋਰਟ ਦਿੱਤੀ, ਉਸ ਤੋਂ ਇਹ ਸਪੱਸ਼ਟ ਹੈ ਕਿ ਨੇਤਨਯਾਹੂ ਇੱਕ ਸਮਝੌਤੇ ‘ਤੇ ਪਹੁੰਚਣ ਤੋਂ ਬਚਣ ਲਈ ਟਾਲ ਮਟੋਲ ਕਰ ਰਹੇ ਹਨ ਅਤੇ ਨਵੀਆਂ ਸ਼ਰਤਾਂ ਅਤੇ ਮੰਗਾਂ ਨੂੰ ਜੋੜਨ ਦਾ ਕਿਹਾ ਜਾ ਰਿਹਾ ਹੈ। ਹਮਾਸ ਨੇ ਨੇਤਨਯਾਹੂ ‘ਤੇ ਵਿਚੋਲੇ ਦੁਆਰਾ ਪੇਸ਼ ਕੀਤੇ ਗਏ ਪ੍ਰਸਤਾਵ ਤੋਂ ਪਿੱਛੇ ਹਟਣ ਦਾ ਦੋਸ਼ ਲਗਾਇਆ, ਜਿਸ ਬਾਰੇ ਕਿਹਾ ਗਿਆ ਹੈ ਕਿ ਇਹ ਪਹਿਲਾਂ ਹੀ ਇਜ਼ਰਾਈਲੀ ਦਸਤਾਵੇਜ਼ ‘ਤੇ ਅਧਾਰਤ ਸੀ।
ਦੂਜੇ ਪਾਸੇ ਨੇਤਨਯਾਹੂ ਦੇ ਦਫ਼ਤਰ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਇਹ ਹਮਾਸ ਲੀਡਰਸ਼ਿਪ ਹੈ ਜੋ ਪ੍ਰਸਤਾਵ ਵਿੱਚ 29 ਤਬਦੀਲੀਆਂ ਦੀ ਮੰਗ ਕਰਕੇ ਸਮਝੌਤੇ ਨੂੰ ਰੋਕ ਰਹੀ ਹੈ। ਇਜ਼ਰਾਇਲ ਦੇ ਦਫ਼ਤਰ ਦੇ ਬਿਆਨ ਵਿੱਚ ਕਿਹਾ ਗਿਆ ਕਿ ਇਜ਼ਰਾਇਲ ਆਪਣੇ ਸਿਧਾਂਤਾਂ ‘ਤੇ ਕਾਇਮ ਹੈ ਜਿਵੇਂ ਕਿ ਅਸਲ ਪ੍ਰਸਤਾਵ ਮੁਤਾਬਕ ਬੰਦੀਆਂ ਦੀ ਵੱਧ ਤੋਂ ਵੱਧ ਗਿਣਤੀ ’ਚ ਰਿਹਾਈ ਜੋ ਅਜੇ ਵੀ ਜ਼ਿੰਦਾ ਹਨ, ਫਿਲਾਡੇਲਫੀਆ ਕੋਰੀਡੋਰ (ਗਾਜ਼ਾ-ਮਿਸਰ ਸਰਹੱਦ ‘ਤੇ) ਅਤੇ ਉੱਤਰੀ ਗਾਜ਼ਾ ‘ਤੇ ਇਜ਼ਰਾਈਲ ਦਾ ਕੰਟਰੋਲ ਹੋਵੇਗਾ। ਬੈਲਟ ਵਿੱਚ ਅੱਤਵਾਦੀਆਂ ਅਤੇ ਹਥਿਆਰਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਜਾਵੇਗਾ।