ਇੰਟਰਨੈਸ਼ਨਲ – ਈਰਾਨ-ਇਜ਼ਰਾਈਲ ਵਿਚਾਲੇ ਜੰਗ ਦੀ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ, ਜੋ ਕਿ ਹਾਲੇ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਹੀ। ਇਸੇ ਦੌਰਾਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਜ਼ਰਾਈਲ ਨੇ ਇਕ ਵੱਡਾ ਹਵਾਈ ਹਮਲਾ ਕਰਦੇ ਹੋਏ ਈਰਾਨ ਦੇ 6 ਏਅਰਬੇਸ ਤਬਾਹ ਕਰ ਦਿੱਤੇ ਹਨ।
ਜਾਣਕਾਰੀ ਦਿੰਦੇ ਹੋਏ ਇਜ਼ਰਾਈਲੀ ਏਅਰ ਡਿਫੈਂਸ ਨੇ ਦੱਸਿਆ ਕਿ ਇਜ਼ਰਾਈਲੀ ਫ਼ੌਜ ਨੇ ਈਰਾਨ ਦੇ ਪੱਛਮ, ਪੂਰਬ ਦੇ ਮੱਧ ਈਰਾਨ ‘ਚ ਸਥਿਤ 6 ਫੌਜੀ ਏਅਰਬੇਸਾਂ ‘ਤੇ ਹਮਲਾ ਕਰ ਕੇ 15 ਦੇ ਕਰੀਬ ਲੜਾਕੂ ਜਹਾਜ਼ ਤੇ ਹੈਲੀਕਾਪਟਰਾਂ ਨੂੰ ਤਬਾਹ ਕਰ ਦਿੱਤਾ ਹੈ, ਜਿਨ੍ਹਾਂ ‘ਚ ਐੱਫ-14, ਐੱਫ਼-5, ਏ.ਐੱਚ-1 ਵਰਗੇ ਜਹਾਜ਼ ਸ਼ਾਮਲ ਹਨ। ਇਹ ਹਮਲਾ ਈਰਾਨ ਲਈ ਬਹੁਤ ਘਾਤਕ ਸਾਬਿਤ ਹੋਵੇਗਾ, ਕਿਉਂਕਿ ਇਸ ਹਮਲੇ ਦੌਰਾਨ ਈਰਾਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਉਨ੍ਹਾਂ ਲਈ ਇਜ਼ਰਾਈਲ ਨਾਲ ਜੰਗ ਲੜਨ ‘ਚ ਹੁਣ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ 11 ਦਿਨਾਂ ਤੋਂ ਈਰਾਨ ਤੇ ਇਜ਼ਰਾਈਲ ਵਿਚਾਲੇ ਲਗਾਤਾਰ ਹਮਲੇ ਹੋ ਰਹੇ ਹਨ, ਜਿਸ ਕਾਰਨ ਹੁਣ ਤੱਕ 1000 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਹੀ ਲੋਕ ਜ਼ਖ਼ਮੀ ਹੋ ਗਏ ਹਨ। ਇਸ ਮਗਰੋਂ ਐਤਵਾਰ ਨੂੰ ਅਮਰੀਕਾ ਵੱਲੋਂ ਈਰਾਨ ਦੇ ਪਰਮਾਣੂ ਟਿਕਾਣਿਆਂ ‘ਤੇ ਹੋਏ ਹਮਲੇ ਮਗਰੋਂ ਜੰਗ ਦੀ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ।