ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਲ੍ਹ ‘ਚ ਬੰਦ ਆਗੂਆਂ ਦੇ ਚੋਣ ਲੜਨ ‘ਤੇ ਪਾਬੰਦੀ ਹੋਣੀ ਚਾਹੀਦੀ ਹੈ। ਹਾਲ ਹੀ ‘ਚ ਅਦਾਲਤ ਨੇ ਇਸ ਮੁੱਦੇ ‘ਤੇ ਤਿੱਖੀ ਟਿੱਪਣੀ ਕੀਤੀ ਅਤੇ ਕਿਹਾ ਕਿ ਜੇਲ੍ਹ ‘ਚ ਰਹਿੰਦਿਆਂ ਚੋਣਾਂ ਲੜਨਾ ਹੁਣ ਇਕ ਆਮ ਗੱਲ ਹੋ ਗਈ ਹੈ, ਜੋ ਕਿ ਸਹੀ ਨਹੀਂ ਹੈ। ਇਹ ਟਿੱਪਣੀ ਉਦੋਂ ਆਈ ਜਦੋਂ ਦਿੱਲੀ ਵਿਧਾਨ ਸਭਾ ਚੋਣ ਉਮੀਦਵਾਰ ਤਾਹਿਰ ਹੁਸੈਨ ਦੀ ਪਟੀਸ਼ਨ ‘ਤੇ ਸੁਣਵਾਈ ਹੋ ਰਹੀ ਸੀ। ਤਾਹਿਰ ਹੁਸੈਨ ‘ਤੇ ਦਿੱਲੀ ਦੰਗਿਆਂ ਦੌਰਾਨ ਆਈਬੀ ਅਧਿਕਾਰੀ ਅੰਕਿਤ ਸ਼ਰਮਾ ਦੇ ਕਤਲ ਦਾ ਦੋਸ਼ ਹੈ।
ਜਸਟਿਸ ਪੰਕਜ ਮਿੱਤਲ ਅਤੇ ਜਸਟਿਸ ਹਸਨੈਨੁਦੀਨ ਅਮਾਨਉੱਲਾ ਦੀ ਬੈਂਚ ਨੇ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਕਰਨੀ ਸੀ ਪਰ ਸੁਣਵਾਈ ਮੁਲਤਵੀ ਕਰ ਦਿੱਤੀ ਗਈ। ਤਾਹਿਰ ਹੁਸੈਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਿਧਾਰਥ ਅਗਰਵਾਲ ਨੇ ਮੰਗਲਵਾਰ ਨੂੰ ਦੁਬਾਰਾ ਸੁਣਵਾਈ ਦੀ ਮੰਗ ਕੀਤੀ। ਇਸ ‘ਤੇ ਜਸਟਿਸ ਮਿੱਤਲ ਨੇ ਕਿਹਾ ਕਿ ਅੱਜ ਕੱਲ੍ਹ ਜੇਲ੍ਹ ‘ਚ ਰਹਿ ਕੇ ਚੋਣਾਂ ਜਿੱਤਣਾ ਬਹੁਤ ਆਸਾਨ ਹੋ ਗਿਆ ਹੈ ਅਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਤਾਹਿਰ ਹੁਸੈਨ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੀ ਨਾਮਜ਼ਦਗੀ ਪਹਿਲਾਂ ਹੀ ਸਵੀਕਾਰ ਕੀਤੀ ਜਾ ਚੁੱਕੀ ਹੈ। ਇਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਤੈਅ ਕਰ ਦਿੱਤੀ।