ਜਲੰਧਰ/ਚੰਡੀਗੜ੍ਹ- ਪੰਜਾਬ ‘ਚ ਬਰਸਾਤ ਨੇ ਸੂਬੇ ਵਿਚ ਠੰਡ ਵਧਾ ਦਿੱਤੀ ਹੈ। ਇਸ ਮੀਂਹ ਦੇ ਨਾਲ-ਨਾਲ ਪਹਾੜਾਂ ਵਿਚ ਹੋਈ ਬਰਫ਼ਬਾਰੀ ਕਾਰਨ ਵੀ ਸੂਬੇ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਸਵੇਰ ਤੋਂ ਹੀ ਕਈ ਇਲਾਕਿਆਂ ਵਿਚ ਧੁੰਦ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪਹਾੜਾਂ ‘ਚ ਬਰਫਬਾਰੀ ਤੋਂ ਬਾਅਦ ਪੰਜਾਬ-ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ ‘ਚ ਠੰਡ ਲਗਾਤਾਰ ਜ਼ੋਰ ਫੜ ਰਹੀ ਹੈ। ਸੀਤ ਲਹਿਰ ਦੀ ਚਿਤਾਵਨੀ ਦੇ ਵਿਚਕਾਰ ਹੁਣ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਹੋਏ ਹਨ,ਜਿਸ ਕਾਰਨ ਮੀਂਹ ਪੈਣ ਦੀ ਸੰਭਾਵਨਾ ਲੱਗ ਰਹੀ ਹੈ।
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਪੂਰੇ ਉੱਤਰੀ ਭਾਰਤ ਵਿਚ ਸਾਲ 2025 ਦੇ ਪਹਿਲੇ ਦਿਨ ਹੀ ਸੀਤ ਲਹਿਰ ਕਰਕੇ ਠੰਡ ਨੇ ਜ਼ੋਰ ਫੜ ਲਿਆ ਹੈ। ਇੱਥੇ ਲਗਾਤਾਰ ਡਿੱਗ ਰਹੇ ਤਾਪਮਾਨ ਨੇ ਲੋਕਾਂ ਨੂੰ ਦਿਨ ਭਰ ਕੰਬਣੀ ਛੇੜੀ ਰੱਖੀ। ਇਸ ਦੇ ਨਾਲ ਹੀ 4 ਜਨਵਰੀ ਨੂੰ ਇੱਕ ਨਵੀਂ ਪੱਛਮੀ ਗੜਬੜੀ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗੀ, ਜਿਸ ਕਾਰਨ ਤਿੰਨ ਦਿਨਾਂ ਤੱਕ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਇਸ ਨਾਲ ਪਾਰਾ ਹੋਰ ਡਿੱਗੇਗਾ ਅਤੇ ਠੰਡ ਦੀ ਤੀਬਰਤਾ ਵਧੇਗੀ।