ਚੰਡੀਗੜ੍ਹ: ਕੜਾਕੇ ਦੀ ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਪੰਜਾਬੀਆਂ ਨੂੰ ਥੋੜ੍ਹੀ ਰਾਹਤ ਮਿਲਣ ਦੀ ਆਸ ਹੈ। ਮੌਸਮ ਵਿਭਾਗ ਵੱਲੋਂ ਕੱਲ੍ਹ ਧੁੰਦ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਵਿਭਾਗ ਵੱਲੋਂ ਅੱਜ ਲਈ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਗਈ ਹੈ। ਦੂਜੇ ਪਾਸੇ ਅੱਜ ਰਾਤ ਤੋਂ ਪੰਜਾਬ ਦੇ ਮੌਸਮ ‘ਤੇ ਪੱਛਮੀ ਪ੍ਰਭਾਅ ਸ਼ੁਰੂ ਹੋ ਜਾਵੇਗਾ, ਜਿਸ ਮਗਰੋਂ ਸੂਬੇ ਵਿਚ ਵੱਖ-ਵੱਖ ਥਾਵਾਂ ‘ਤੇ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਕਈ ਥਾਵਾਂ ‘ਤੇ 12 ਜਨਵਰੀ ਤਕ ਬਾਰਿਸ਼ ਹੋ ਸਕਦੀ ਹੈ।
ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ 2.3 ਡਿਗਰੀ ਵਧਿਆ ਹੈ। ਬਠਿੰਡਾ ਵਿਚ ਸਭ ਤੋਂ ਵੱਧ ਤਾਪਮਾਨ ( 23 ਡਿਗਰੀ) ਦਰਜ ਕੀਤਾ ਗਿਆ। ਉੱਥੇ ਹੀ ਮੌਸਮ ਵਿਭਾਗ ਵੱਲੋਂ ਅੱਜ 8 ਜ਼ਿਲ੍ਹਿਆਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ ‘ਚ ਸੰਘਣੀ ਧੁੰਦ ਅਤੇ ਸੀਤ ਲਹਿਰ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਰੂਪਨਗਰ, ਮੋਹਾਲੀ ਅਤੇ ਮਾਲੇਰਕੋਟਲਾ ਵਿਚ ਸੰਘਣੀ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਵਿਭਾਗ ਨੇ ਕੱਲ੍ਹ ਯਾਨੀ ਸ਼ੁੱਕਰਵਾਰ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ, ਜਿਸ ਦਾ ਮਤਲਬ ਹੈ ਕਿ ਲੋਕਾਂ ਨੂੰ ਸੰਘਣੀ ਧੁੰਦ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।