ਜਲੰਧਰ : ਅਪਰਾਧ ਨੂੰ ਨੱਥ ਪਾਉਣ ਲਈ ਇੱਕ ਦ੍ਰਿੜ ਕਦਮ ਚੁੱਕਦੇ ਹੋਏ ਪੁਲਸ ਕਮਿਸ਼ਨਰ, ਜਲੰਧਰ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਸ ਜਲੰਧਰ ਨੇ ਖੋਹਾਂ ਦੀਆਂ ਘਟਨਾਵਾਂ ਵਿੱਚ ਸ਼ਾਮਲ ਅੱਠ ਵਿਅਕਤੀਆਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕੀਤਾ। ਇਸ ਦੌਰਾਨ ਵਰਤੇ ਗਏ ਹਥਿਆਰਾਂ ਸਮੇਤ ਖੋਹੀਆਂ ਹੋਈਆਂ ਚੀਜ਼ਾਂ ਬਰਾਮਦ ਕੀਤੀਆਂ।
ਵੇਰਵਾ ਸਾਝਾਂ ਕਰਦੇ ਹੋਏ, ਪੁਲਸ ਕਮਿਸ਼ਨਰ, ਜਲੰਧਰ ਨੇ ਕਿਹਾ ਕਿ ਅਪਰਾਧਿਕ ਤੱਤਾਂ ਦੀ ਰੋਕਥਾਮ ਦੇ ਹਿੱਸੇ ਵਜੋਂ ਇੱਕ ਪੁਲਸ ਟੀਮ ਕਚਹਿਰੀ ਚੌਕ ‘ਤੇ ਤਾਇਨਾਤ ਸੀ। ਇਸ ਦੌਰਾਨ, ਪੁਲਸ ਟੀਮ ਨੂੰ ਛੇ ਨਾਬਾਲਗਾਂ ਦੇ ਇੱਕ ਸਮੂਹ ਬਾਰੇ ਸੂਚਨਾ ਮਿਲੀ ਜੋ ਕਈ ਚੋਰੀਆਂ ਅਤੇ ਖੋਹਾਂ ਵਿੱਚ ਸ਼ਾਮਲ ਸਨ। ਇਸ ਸਮੂਹ ਨੇ ਹਾਲ ਹੀ ਵਿੱਚ ਇੱਕ ਵਿਅਕਤੀ ਤੋਂ ਛੁਰਾ ਦਿਖਾ ਕੇ ਇੱਕ ਮੋਬਾਈਲ ਫੋਨ ਖੋਹਿਆ ਸੀ। ਇਹ ਸਮੂਹ ਕਥਿਤ ਤੌਰ ‘ਤੇ 40 ਕੁਆਰਟਰ ਚੌਕ ਵੱਲ ਇੱਕ ਹੋਰ ਲੁੱਟ-ਖੋਹ ਨੂੰ ਅੰਜਾਮ ਦੇਣ ਲਈ ਵਧ ਰਿਹਾ ਸੀ।
ਇਸ ਸੂਚਨਾ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਛੇ ਵਿਅਕਤੀਆਂ ਦੇ ਸਮੂਹ ਨੂੰ ਫੜ ਲਿਆ। ਐੱਫਆਈਆਰ ਨੰਬਰ 53, ਮਿਤੀ 02.04.2025 ਅਧੀਨ ਧਾਰਾ 303(2), 304(2), 305, 308(2), 317(2), 191(3), 190, ਅਤੇ 3(5) ਬੀਐਨਐਸ ਥਾਣਾ ਨਵੀ ਬਾਰਾਦਰੀ ਵਿਖੇ ਦਰਜ ਕੀਤੀ ਗਈ ਸੀ। ਪੁਲਸ ਨੇ ਮੁਲਜ਼ਮਾਂ ਤੋਂ ਖੋਹ ਕੀਤੇ ਪੰਜ ਮੋਬਾਈਲ ਫੋਨ, ਇੱਕ ਸਪਲੈਂਡਰ ਮੋਟਰਸਾਈਕਲ, ਇੱਕ ਐਕਟਿਵਾ ਸਕੂਟਰ, ਇੱਕ ਏਅਰ ਪਿਸਤੌਲ, ਤਿੰਨ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ।