ਜਲੰਧਰ : ਨਸ਼ਿਆਂ ਦੀ ਲਾਹਨਤ ਨਾਲ ਨਜਿੱਠਣ ਲਈ ਇਕ ਮਹੱਤਵਪੂਰਨ ਕਦਮ ਚੁੱਕਦਿਆਂ, ਪੁਲਸ ਕਮਿਸ਼ਨਰ ਜਲੰਧਰ ਦੀ ਅਗਵਾਈ ਵਿਚ ਜਲੰਧਰ ਕਮਿਸ਼ਨਰੇਟ ਪੁਲਸ ਨੇ 35 ਪ੍ਰੀ ਅਤੇ ਪੋਸਟ ਟ੍ਰਾਇਲ ਕੇਸਾਂ ਵਿੱਚ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਨੂੰ ਸਫਲਤਾਪੂਰਵਕ ਨਸ਼ਟ ਕੀਤਾ ਹੈ। ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਬੀਰ ਪਿੰਡ, ਨਕੋਦਰ, ਜਲੰਧਰ ਵਿਖੇ ਸਥਿਤ ਗ੍ਰੀਨ ਪਲੈਨੇਟ ਐਨਰਜੀ ਪਲਾਂਟ ਪ੍ਰਾਈਵੇਟ ਲਿਮਟਿਡ ਵਿਖੇ ਹੋਈ। ਨਸ਼ਟ ਕਰਨ ਦੀ ਪ੍ਰਕਿਰਿਆ ਡਰੱਗ ਡਿਸਪੋਜ਼ਲ ਕਮੇਟੀ, ਕਮਿਸ਼ਨਰੇਟ ਜਲੰਧਰ ਵੱਲੋਂ ਸਾਰੀਆਂ ਜ਼ਰੂਰੀ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਭਵਿੱਖ ਵਿੱਚ ਗੈਰ-ਕਾਨੂੰਨੀ ਮਾਰਕੀਟ ਵਿੱਚ ਦਾਖਲ ਹੋਣ ਜਾਂ ਦੁਰਵਰਤੋਂ ਨਾ ਹੋਣ। ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿੱਚ 15 ਕੁਇੰਟਲ 70 ਕਿਲੋ 500 ਗ੍ਰਾਮ ਭੁੱਕੀ, 2 ਕਿਲੋ 616 ਗ੍ਰਾਮ ਹੈਰੋਇਨ, 316 ਗੋਲੀਆਂ/ਕੈਪਸੂਲ, 06 ਕਿਲੋ 25 ਗ੍ਰਾਮ ਗਾਂਜਾ, 10 ਗ੍ਰਾਮ ਨਸ਼ੀਲਾ ਪਾਊਡਰ ਸ਼ਾਮਲ ਹੈ।