ਜਲੰਧਰ : ਗੈਰ-ਕਾਨੂੰਨੀ ਪਲਾਸਟਿਕ ਦੀ ਡੋਰ ਦੀ ਵਿਕਰੀ ‘ਤੇ ਨਕੇਲ ਕੱਸਦਿਆਂ ਜਲੰਧਰ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚੋਂ 116 ਪਲਾਸਟਿਕ ਦੀ ਡੋਰ ਦੇ ਗੱਟੂ ਜ਼ਬਤ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪਲਾਸਟਿਕ ਦੇ ਚਾਈਨੀਜ਼ ਪਤੰਗ ਦੇ ਧਾਗੇ (ਮਾਂਝਾ) ਦੀ ਵਿਕਰੀ ਅਤੇ ਖਰੀਦ ‘ਤੇ ਰੋਕ ਲਗਾ ਕੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਾਰਕੀਟ ਵਿਚ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਸਥਾਨਕ ਦੁਕਾਨਾਂ ‘ਤੇ ਚੀਨੀ ਪਤੰਗ ਦੀਆਂ ਡੋਰ ਦੀ ਗੈਰ-ਕਾਨੂੰਨੀ ਵਿਕਰੀ ਬਾਰੇ ਸੂਚਨਾ ਮਿਲਣ ‘ਤੇ ਪੁਲਸ ਟੀਮ ਨੇ ਅਨਾਜ ਮੰਡੀ ਨੇੜੇ ਗੈਰ-ਕਾਨੂੰਨੀ ਡੋਰ ਵੇਚਣ ਵਾਲੇ ਵਿਅਕਤੀਆਂ ਦੇ ਇਕ ਸਮੂਹ ਦੀ ਪਛਾਣ ਕੀਤੀ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ 116 ਪਲਾਸਟਿਕ ਦੀਆਂ ਡੋਰ ਬਰਾਮਦ ਕੀਤੀਆਂ ਗਈਆਂ ਹਨ ਤੇ ਇਸ ਲਈ ਐੱਫ.ਆਈ.ਆਰ. 10 ਮਿਤੀ 22.01.2025 ਅਧੀਨ 223 ਬੀ.ਐੱਨ.ਐੱਸ. ਐਕਟ ਤਹਿਤ ਥਾਣਾ ਡਵੀਜ਼ਨ ਨੰ.02 ਤਹਿਤ ਦਰਜ ਕੀਤੀ ਗਈ ਹੈ।
ਪੁਲਸ ਕਮਿਸ਼ਨਰ ਨੇ ਕਿਹਾ ਕਿ ਉਹ ਇਨ੍ਹਾਂ ਚੀਨੀ ਡੋਰ ਦੇ ਗੈਰ-ਕਾਨੂੰਨੀ ਵਪਾਰ ਦੀ ਪੂਰੀ ਹੱਦ ਦਾ ਪਰਦਾਫਾਸ਼ ਕਰਨ ਲਈ ਸਰਗਰਮੀ ਨਾਲ ਅਗਲੇਰੀ ਕਾਰਵਾਈ ਕਰ ਰਹੇ ਹਨ।