ਜਲੰਧਰ –ਵਿਸ਼ਵ ਪ੍ਰਸਿੱਧ ਸਪੋਰਟਸ ਸਿਟੀ ਜਲੰਧਰ ਨੂੰ 17 ਸਾਲ ਦੀ ਲੰਮੀ ਉਡੀਕ ਤੋਂ ਬਾਅਦ ਆਖਿਰਕਾਰ ਬਰਲਟਨ ਪਾਰਕ ਸਪੋਰਟਸ ਹੱਬ ਦਾ ਤੋਹਫ਼ਾ ਮਿਲਣ ਜਾ ਰਿਹਾ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਖਾਹਿਸ਼ੀ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਇਸ ਮੌਕੇ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪ੍ਰੋਗਰਾਮ ਵਿਚ ਸ਼ਿਰਕਤ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਮੇਅਰ ਵਿਨੀਤ ਧੀਰ, ਕਮਿਸ਼ਨਰ ਗੌਤਮ ਜੈਨ, ਰਾਜ ਸਭਾ ਮੈਂਬਰ ਅਤੇ ਐੱਲ. ਪੀ. ਯੂ. ਦੇ ਚਾਂਸਲਰ ਡਾ. ਅਸ਼ੋਕ ਮਿੱਤਲ ਅਤੇ ‘ਆਪ’ ਨੇਤਾ ਨਿਤਿਨ ਕੋਹਲੀ ਦੇ ਅਣਥੱਕ ਯਤਨਾਂ ਨਾਲ ਇਸ ਪ੍ਰਾਜੈਕਟ ਨੂੰ ਪੁਨਰ ਜਨਮ ਮਿਲਿਆ। ਪੁਰਾਣੇ ਠੇਕੇਦਾਰ ਨੂੰ ਫਿਰ ਤੋਂ ਕੰਮ ਕਰਨ ਲਈ ਰਾਜ਼ੀ ਕੀਤਾ ਗਿਆ, ਜਿਸ ਨਾਲ ਦੁਬਾਰਾ ਟੈਂਡਰ ਪ੍ਰਕਿਰਿਆ ਦੀ ਲੋੜ ਨਹੀਂ ਪਈ ਅਤੇ ਸਮੇਂ ਦੀ ਬੱਚਤ ਹੋਈz
ਖ਼ਾਸ ਗੱਲ ਇਹ ਹੈ ਕਿ 2008 ਵਿਚ 500 ਕਰੋੜ ਰੁਪਏ ਦੇ ਬਜਟ ਨਾਲ ਸ਼ੁਰੂ ਹੋਇਆ ਇਹ ਪ੍ਰਾਜੈਕਟ ਸਿਆਸੀ ਅਤੇ ਪ੍ਰਸ਼ਾਸਨਿਕ ਲਾਪ੍ਰਵਾਹੀ ਦਾ ਸ਼ਿਕਾਰ ਰਿਹਾ। ਅਕਾਲੀ-ਭਾਜਪਾ ਸਰਕਾਰ ਵਿਚ ਮੇਅਰ ਰਾਕੇਸ਼ ਰਾਠੌਰ ਨੇ ਇਸ ਨੂੰ ਸ਼ੁਰੂ ਕੀਤਾ ਪਰ ਜਲਦਬਾਜ਼ੀ ਵਿਚ ਪੁਰਾਣੇ ਸਟੇਡੀਅਮ ਨੂੰ ਤੁੜਵਾਉਣ ਦਾ ਫੈਸਲਾ ਉਨ੍ਹਾਂ ਦੀ ਭੁੱਲ ਸਾਬਿਤ ਹੋਇਆ। ਬਾਅਦ ਵਿਚ ਮੇਅਰ ਸੁਨੀਲ ਜੋਤੀ ਅਤੇ ਕਾਂਗਰਸ ਸਰਕਾਰ ਵੀ ਇਸ ਨੂੰ ਗਤੀ ਨਹੀਂ ਦੇ ਸਕੀ। ਨਤੀਜੇ ਵਜੋਂ ਪ੍ਰਾਜੈਕਟ 77 ਕਰੋੜ ਤਕ ਸਿਮਟ ਗਿਆ।