ਅੱਤ ਦੀ ਗਰਮੀ ਦੇ ਬਾਵਜੂਦ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀਆਂ ਚੋਣਾਂ ਅੱਜ ਅਮਨ-ਸ਼ਾਂਤੀ ਨਾਲ ਮੁਕੰਮਲ ਹੋ ਗਈਆਂ ਹਨ। ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਹੋਈ ਜੋ ਸ਼ਾਮ 6 ਵਜੇ ਨਿਬੜੀ। ਹਾਲਾਂਕਿ ਸਵੇਰ ਦੇ ਸਮੇਂ ਬੂਥਾਂ ‘ਤੇ ਇੰਨੇ ਵੋਟਰ ਨਹੀਂ ਪਹੁੰਚੇ ਜਿੰਨ੍ਹੇ ਦੁਪਹਿਰ ਤੋਂ ਬਾਅਦ ਵੋਟਿੰਗ ਦੇ ਆਖ਼ਰੀ ਘੰਟਿਆਂ ਵਿਚਾਲੇ ਦੇਖਣ ਨੂੰ ਮਿਲੇ।
ਇਸ ਦੇ ਨਾਲ ਹੀ ਜ਼ਿਲਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਲੰਧਰੀ ਪੱਛਮੀ ਚੋਣਾਂ ’ਚ ਵੋਟਿੰਗ ਨੂੰ ਲੈ ਕੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕੇ ’ਚ ਕੁੱਲ੍ਹ 1,71,963 ਵੋਟਰ ਹਨ, ਜਿਨ੍ਹਾਂ ਵਿਚ 89,629 ਮਰਦ, 82,326 ਔਰਤਾਂ ਅਤੇ 8 ਥਰਡ ਜੈਂਡਰ ਵੋਟਰ ਸ਼ਾਮਲ ਹਨ, ਵੋਟਰਾਂ ਦੀ ਸਹੂਲਤ ਲਈ 181 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਾਮ 5 ਵਜੇ ਤੱਕ 51.30 ਫ਼ੀਸਦੀ ਵੋਟਿੰਗ ਹੋਈ ਹੈ।
ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ, ਕਾਂਗਰਸ ਵੱਲੋਂ ਸੁਰਿੰਦਰ ਕੌਰ, ਅਕਾਲੀ ਦਲ ਦੇ ਸੁਰਜੀਤ ਕੌਰ, ਭਾਜਪਾ ਵੱਲੋਂ ਸ਼ੀਤਲ ਅਗੁੰਰਾਲ ਅਤੇ ਬਸਪਾ ਦੇ ਉਮੀਦਵਾਰ ਬਿੰਦਰਾ ਲੱਖਾ ਸਣੇ ਕੁੱਲ੍ਹ 15 ਉਮੀਦਵਾਰ ਹਨ ਜਿੰਨਾਂ ਨੇ ਜਲੰਧਰ ਤੋਂ ਆਪਣੀ ਕਿਸਮਤ ਦਾਅ ’ਤੇ ਲਗਾਈ ਹੈ। ਜਲੰਧਰ ਪੱਛਮੀ ਦਾ ਭਵਿੱਖ ਅਤੇ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਹੁਣ ਈਵੀਐੱਮ ਮਸ਼ੀਨਾਂ ਵਿਚ ਕੈਦ ਹੋ ਗਈ ਹੈ, ਜਿਸ ਦੇ ਨਤੀਜ਼ੇ 13 ਜੁਲਾਈ ਨੂੰ ਐਲਾਨੇ ਜਾਣਗੇ। 13 ਜੁਲਾਈ ਦੇ ਨਤੀਜ਼ੇ ਹੀ ਹੁਣ ਸਾਬਿਤ ਕਰਨਗੇ ਕਿ ਆਖ਼ਿਰ ਕਿਸ ਪਾਰਟੀ ਦਾ ਉਮੀਦਵਾਰ ਇਸ ਸੀਟ ’ਤੇ ਕਾਬਜ਼ ਹੁੰਦਾ ਹੈ।