ਮੁਹਾਲੀ ਤੋਂ ਛਪਦੇ ਪੰਜਾਬੀ ਅਖ਼ਬਾਰ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਜੋਗਿੰਦਰ ਸਿੰਘ ਦਾ ਬੀਤੇ ਦਿਨੀਂ ਦੇਹਾਂਤ ਗਿਆ ਹੈ। ਉਹ 83 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਜੋਗਿੰਦਰ ਸਿੰਘ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ਼ ਕਰਵਾ ਰਹੇ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ। ਉਹ ਆਪਣੇ ਪਿੱਛੇ ਪਰਿਵਾਰ ਵਿੱਚ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ। ਜੋਗਿੰਦਰ ਸਿੰਘ ਨੇ ਆਪਣੀ ਅਤੇ ਪਰਿਵਾਰ ਦੀ ਸਖ਼ਤ ਮਿਹਨਤ ਨਾਲ 1 ਜਨਵਰੀ 1994 ਨੂੰ ‘ਸਪੋਕਸਮੈਨ’ ਮਾਸਕ ਰਸਾਲਾ ਸ਼ੁਰੂ ਕੀਤਾ ਸੀ ਅਤੇ 1 ਦਸੰਬਰ 2005 ਨੂੰ ਸਪੋਕਸਮੈਨ ਨਾਂ ਦੇ ਰੋਜ਼ਾਨਾ ਅਖ਼ਬਾਰ ਵਿੱਚ ਬਦਲ ਦਿੱਤਾ।
ਜੋਗਿੰਦਰ ਸਿੰਘ ਦੇ ਦੇਹਾਂਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਉਨ੍ਹਾਂ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਜੋਗਿੰਦਰ ਸਿੰਘ ਨੂੰ ਸਮਰਪਿਤ ਪੱਤਰਕਾਰ ਦੱਸਿਆ, ਜੋ ਪੰਜਾਬ ਅਤੇ ਇਸ ਦੇ ਲੋਕਾਂ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਪੋਕਸਮੈਨ ਅਖ਼ਬਾਰ ਦੀ ਸਥਾਪਨਾ ਕਰ ਕੇ ਇਸ ਨੂੰ ਸਿਖਰਾਂ ‘ਤੇ ਪਹੁੰਚਾਉਣ ਵਾਲੇ ਨਿਡਰ ਪੱਤਰਕਾਰ ਜੋਗਿੰਦਰ ਸਿੰਘ ਪੇਸ਼ੇਵਰ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧ ਇਨਸਾਨ ਸਨ, ਜਿਨ੍ਹਾਂ ਵੱਲੋਂ ਆਪਣੀਆਂ ਲਿਖਤਾਂ ਰਾਹੀਂ ਪੰਜਾਬੀ ਭਾਸ਼ਾ, ਕਲਾ ਅਤੇ ਸੱਭਿਆਚਾਰ ਦੀ ਤਰੱਕੀ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਇਸ ਦੇ ਨਾਲ ਹੀ ਸੀਐੱਮ ਮਾਨ ਨੇ ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰਾਂ ਤੇ ਦੋਸਤਾਂ-ਮਿੱਤਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਨੂੰ ਇਹ ਵੱਡਾ ਘਾਟਾ ਸਹਿਣ ਦਾ ਬਲ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।