ਜਸ਼ਪੁਰ : ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ‘ਚ ਮੋਬਾਇਲ ਰਿਚਾਰਜ ਲਈ ਪੈਸੇ ਨਾ ਦੇਣ ‘ਤੇ ਇਕ ਕੱਲਯੁਗੀ ਪੁੱਤਰ ਨੇ ਗੁੱਸੇ ਵਿਚ ਆ ਕੇ ਆਪਣੇ ਪਿਤਾ ‘ਤੇ ਕੁਹਾੜੀ ਨਾਲ ਹਮਲਾ ਕਰ ਉਸ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਪਤਾ ਲੱਗਾ ਹੈ ਕਿ ਵਾਰਦਾਤ ਦੌਰਾਨ ਝਗੜੇ ਨੂੰ ਰੋਕਣ ਦੀ ਕੋਸ਼ਿਸ਼ ਕਰਨ ਆਈ ਮਤਰੇਈ ਮਾਂ ਦੀ ਵੀ ਨੌਜਵਾਨ ਨੇ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪਥਲਗਾਓਂ ਪੁਲਸ ਨੇ ਨਾਕਾਬੰਦੀ ਕਰ ਕੇ ਦੋਸ਼ੀ ਨੂੰ ਹਿਰਾਸਤ ‘ਚ ਲੈ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਈਨਾਥ ਟਿੱਕਰੀ (52) ਪੁੱਤਰ ਰਣਜੀਤ ਟਿੱਕਰੀ (30) ਅਤੇ ਦੂਜੀ ਪਤਨੀ ਸੁਮਤੀ ਟਿੱਕਰੀ ਨਾਲ ਪੱਥਲਗਾਓਂ ਥਾਣਾ ਖੇਤਰ ਦੇ ਪਿੰਡ ਚੂਰੀਪਹੜੀ ਵਿੱਚ ਰਹਿੰਦਾ ਸੀ। ਕੁਝ ਦਿਨ ਪਹਿਲਾਂ ਮੁਲਜ਼ਮ ਰਣਜੀਤ ਨੇ ਮਜ਼ਦੂਰੀ ਕਰ ਕੇ ਕੁਝ ਪੈਸੇ ਕਮਾਏ ਸਨ ਅਤੇ ਮਜ਼ਦੂਰੀ ਤੋਂ ਕਮਾਈ ਹੋਈ ਰਕਮ ਆਪਣੇ ਪਿਤਾ ਨੂੰ ਰੱਖਣ ਲਈ ਦੇ ਦਿੱਤੀ। ਬੀਤੇ ਦਿਨ ਪੁੱਤਰ ਨੇ ਜਦੋਂ ਆਪਣੇ ਪਿਤਾ ਕੋਲੋਂ ਮੋਬਾਈਲ ਰੀਚਾਰਜ ਕਰਵਾਉਣ ਲਈ ਜਮ੍ਹਾਂ ਕਰਵਾਏ ਪੈਸਿਆਂ ਦੀ ਮੰਗ ਕੀਤੀ ਤਾਂ ਪਿਤਾ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ।
ਪਿਤਾ ਨੇ ਪੁੱਤਰ ਨੂੰ ਕਿਹਾ ਕਿ ਜਿਵੇਂ ਪੈਸੇ ਦਾ ਪ੍ਰਬੰਧ ਹੋ ਜਾਵੇਗਾ, ਉਹ ਉਸ ਨੂੰ ਦੇ ਦੇਵੇਗਾ। ਇਸ ਤੋਂ ਨਾਰਾਜ਼ ਹੋ ਕੇ ਪੁੱਤਰ ਨੇ ਆਪਣੇ ਪਿਤਾ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਝਗੜੇ ਦੌਰਾਨ ਪੁੱਤਰ ਨੇ ਆਪਣੇ ਪਿਤਾ ‘ਤੇ ਕੁਹਾੜੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇੰਨਾ ਹੀ ਨਹੀਂ ਇਸ ਲੜਾਈ ਵਿਚ ਦਖਲ ਦੇਣ ਆਈ ਮਤਰੇਈ ਮਾਂ ਦੀ ਵੀ ਉਸ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਘਟਨਾ ਸਥਾਨ ‘ਤੇ ਪਹੁੰਚੀ ਐੱਫਐੱਸਐੱਲ ਟੀਮ ਵਲੋਂ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਨੌਜਵਾਨ ਰਣਜੀਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।