ਮੁੱਲਾਂਪੁਰ ਦਾਖਾ ਪੰਜਾਬ ‘ਚ ਇਕ ਹੋਰ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਥਾਣਾ ਦਾਖਾ ਅਧੀਨ ਪੈਂਦੇ ਪਿੰਡ ਬਲੀਪੁਰ ਖੁਰਦ ਵਿਖੇ ਕਲਯੁਗੀ ਪੁੱਤ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੇ ਪਿਓ ਦਾ ਕਤਲ ਕਰ ਦਿੱਤਾ। ਇਹੀ ਨਹੀਂ, ਕਤਲ ਕਰਨ ਮਗਰੋਂ ਲਾਸ਼ ਖੁਰਦ-ਬੁਰਦ ਕਰਨ ਲਈ ਜਲਦਬਾਜ਼ੀ ’ਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ।ਥਾਣਾ ਦਾਖਾ ਦੀ ਪੁਲਸ ਨੇ ਉਸ ਦੇ ਭਤੀਜੇ ਕਿਰਨਵੀਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਬਲੀਪੁਰ ਖੁਰਦ ਦੇ ਬਿਆਨਾਂ ’ਤੇ ਗੁਰਇਕਬਾਲ ਸਿੰਘ ਉਰਫ਼ ਮੱਖਣ ਪੁੱਤਰ ਜਗਰੂਪ ਸਿੰਘ ਅਤੇ ਉਸ ਦੀ ਪਤਨੀ ਸੁਰਿੰਦਰ ਕੌਰ ਛਿੰਦਰ ਵਾਸੀ ਬਲੀਪੁਰ ਖੁਰਦ ਵਿਰੁੱਧ ਜ਼ੇਰੇ ਧਾਰਾ 105, 238, 3 (5) ਬੀ.ਐੱਨ.ਐੱਸ. ਤਹਿਤ ਕੇਸ ਦਰਜ ਕੀਤਾ ਹੈ।ਥਾਣਾ ਦਾਖਾ ਦੇ ਮੁਖੀ ਇੰਸ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਿਰਨਵੀਰ ਸਿੰਘ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਹ ਕੈਨੇਡਾ ਪੀ.ਆਰ. ਹੈ। ਉਸ ਦੇ ਪਿਤਾ ਬਲਜੀਤ ਸਿੰਘ ਦੀ ਉਸ ਦੇ ਜਨਮ ਤੋਂ ਡੇਢ ਸਾਲ ਬਾਅਦ ਹੀ ਮੌਤ ਹੋ ਗਈ ਸੀ। ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਜਦੋਂ ਤੋਂ ਉਸ ਨੇ ਸੁਰਤ ਸੰਭਾਲੀ ਤਾਂ ਉਸ ਦਾ ਤਾਇਆ ਜਗਰੂਪ ਸਿੰਘ (ਜਿਸ ਨੂੰ ਉਹ ਡੈਡੀ ਹੀ ਆਖਦਾ ਸੀ) ਨੇ ਹੀ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ।
ਕਰੀਬ 3 ਸਾਲ ਪਹਿਲਾਂ ਉਸ ਦੀ ਮਾਤਾ ਹਰਜੀਤ ਕੌਰ ਦੀ ਵੀ ਮੌਤ ਹੋ ਗਈ ਸੀ। ਉਸ ਦੇ ਇਕੱਲਾ ਰਹਿਣ ਕਰ ਕੇ ਉਸ ਦਾ ਤਾਇਆ ਹੀ ਉਸ ਦੀ ਅਤੇ ਉਸ ਦੀ ਜ਼ਮੀਨ ਦੀ ਦੇਖ-ਰੇਖ ਕਰਦਾ ਸੀ। ਉਸ ਦੇ ਤਾਏ ਨੇ ਉਸ ਨੂੰ ਕਰੀਬ 2 ਸਾਲ ਪਹਿਲਾਂ ਵਿਦੇਸ਼ ਕੈਨੇਡਾ ਭੇਜਿਆ ਸੀ। ਉਸ ਦੇ ਤਾਏ ਦੀ ਤੇ ਹਫਤੇ ’ਚ ਉਸ ਨਾਲ ਤਕਰੀਬਨ 2-3 ਵਾਰ ਗੱਲਬਾਤ ਹੁੰਦੀ ਰਹਿੰਦੀ ਸੀ। ਉਸ ਨੂੰ ਉਸ ਦਾ ਤਾਇਆ ਜਗਰੂਪ ਸਿੰਘ ਫੋਨ ਕਰ ਕੇ ਦੱਸਦਾ ਰਹਿੰਦਾ ਸੀ ਕਿ ਉਸ ਦਾ ਲੜਕਾ ਗੁਰਇਕਬਾਲ ਸਿੰਘ ਉਰਫ ਮੱਖਣ ਅਤੇ ਨੂੰਹ ਸੁਰਿੰਦਰ ਕੌਰ ਉਰਫ ਛਿੰਦਰ ਉਸ ਨੂੰ ਰੋਟੀ-ਪਾਣੀ ਨਹੀਂ ਦਿੰਦੇ, ਉਲਟਾ ਉਸ ਨਾਲ ਕੁੱਟਮਾਰ ਕਰਦੇ ਹਨ। ਇਸ ਕਰ ਕੇ ਉਹ ਇਨ੍ਹਾਂ ਤੋਂ ਬਹੁਤ ਦੁਖੀ ਹੈ। ਇਹ ਦੋਵੇਂ ਜਣੇ ਕਿਸੇ ਸਮੇਂ ਵੀ ਉਸ ਦੀ ਕੁੱਟਮਾਰ ਕਰ ਕੇ ਜਾਨੋਂ ਮਾਰ ਸਕਦੇ ਹਨ।