ਬਠਿੰਡਾ (- ਇੰਟਰਨੈੱਟ ਮੀਡੀਆ ’ਤੇ ਅਸ਼ਲੀਲ ਅਤੇ ਵਿਵਾਦਪੂਰਨ ਰੀਲਾਂ ਅਪਲੋਡ ਕਰਨ ਵਾਲੀ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਸਨਸਨੀਖੇਜ਼ ਕਤਲ ਕੇਸ ਵਿਚ ਇਕ ਨਵਾਂ ਮੋੜ ਆਇਆ ਹੈ। ਕਤਲ ਤੋਂ ਪਹਿਲਾਂ ਜਬਰ-ਜ਼ਨਾਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੁਲਸ ਨੇ ਮ੍ਰਿਤਕਾ ਦੇ ਸੈਂਪਲ ਖਰੜ ਅਤੇ ਫਰੀਦਕੋਟ ਦੀਆਂ ਮੈਡੀਕਲ ਲੈਬਾਂ ਵਿਚ ਭੇਜ ਦਿੱਤੇ ਹਨ। ਪੁਲਸ ਕਤਲ ਤੋਂ ਪਹਿਲਾਂ ਹੋਏ ਕਿਸੇ ਵੀ ਅਪਰਾਧ ਦਾ ਪੂਰੀ ਤਰ੍ਹਾਂ ਖੁਲਾਸਾ ਕਰਨ ਲਈ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ। ਇਸ ਕਤਲ ਦਾ ਮਾਸਟਰਮਾਈਂਡ ਅੰਮ੍ਰਿਤਪਾਲ ਸਿੰਘ ਮਹਿਰੋਂ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ।
ਸੂਤਰਾਂ ਅਨੁਸਾਰ ਅੰਮ੍ਰਿਤਪਾਲ ਇੰਟਰਨੈੱਟ ’ਤੇ ਵੀਡੀਓ ਅਪਲੋਡ ਕਰ ਕੇ ਕਤਲ ਦੀ ਜ਼ਿੰਮੇਵਾਰੀ ਲੈ ਰਿਹਾ ਹੈ ਅਤੇ ਲੋਕਾਂ ਨੂੰ ਧਮਕੀਆਂ ਵੀ ਦੇ ਰਿਹਾ ਹੈ। ਪੁਲਸ ਨੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਲਈ 7 ਵਿਸ਼ੇਸ਼ ਟੀਮਾਂ ਬਣਾਈਆਂ ਹਨ। ਇਨ੍ਹਾਂ ਟੀਮਾਂ ’ਚ ਕੈਂਟ ਪੁਲਸ ਸਟੇਸ਼ਨ, ਸੀ. ਆਈ. ਏ. ਵਨ, ਸੀ. ਆਈ. ਏ. ਟੂ, ਟੈਕਨੀਕਲ ਸੈੱਲ ਅਤੇ ਸਾਈਬਰ ਸੈੱਲ ਸ਼ਾਮਲ ਹਨ, ਜੋ ਉਸ ਦੀਆਂ ਹਰਕਤਾਂ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਲਗਾਤਾਰ ਛਾਪੇਮਾਰੀ ਕਰ ਰਹੇ ਹਨ।ਜ਼ਿਕਰਯੋਗ ਹੈ ਕਿ ਪੁਲਸ ਇਸ ਮਾਮਲੇ ਵਿਚ ਪਹਿਲਾਂ ਹੀ ਦੋ ਮੁਲਜ਼ਮਾਂ ਜਸਪ੍ਰੀਤ ਸਿੰਘ (ਮੋਗਾ) ਅਤੇ ਨਿਮਨਰਜੀਤ ਸਿੰਘ (ਤਰਨਤਾਰਨ) ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਦੋਵਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਕਮਲ ਕੌਰ ਨੌਜਵਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਕਈ ਵਾਰ ਸਮਝਾਉਣ ਦੇ ਬਾਵਜੂਦ, ਉਸ ਨੇ ਨਹੀਂ ਸੁਣੀ। ਇਸ ਕਾਰਨ, ਉਨ੍ਹਾਂ ਨੇ ਉਸ ਨੂੰ ਗੈਰਾਜ ਵਿਚ ਬੁਲਾਉਣ ਦੀ ਸਾਜਿਸ਼ ਰਚੀ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਕਿਹਾ ਕਿ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਬਹੁਤ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।