ਐਂਟਰਟੇਨਮੈਂਟ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹਰਜਿੰਦਰ ਸਿੰਘ ਧਾਮੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਦਾਕਾਰ-ਨਿਰਦੇਸ਼ਕ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ‘ਐਮਰਜੈਂਸੀ’ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਤੋਂ ਇੱਕ ਦਿਨ ਬਾਅਦ ਸਿਨੇਮਾ ਥੀਏਟਰ ਮਾਲਕਾਂ ਨੇ ਸ਼ੁੱਕਰਵਾਰ ਨੂੰ ਸੂਬੇ ‘ਚ ਫ਼ਿਲਮ ਨੂੰ ਦਿਖਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਕੰਗਨਾ ਰਣੌਤ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ”ਇਹ ਕਲਾ ਅਤੇ ਕਲਾਕਾਰ ਦਾ ਪੂਰੀ ਤਰ੍ਹਾਂ ਸ਼ੋਸ਼ਣ ਹੈ, ਪੰਜਾਬ ਦੇ ਕਈ ਸ਼ਹਿਰਾਂ ਤੋਂ ਰਿਪੋਰਟ ਆ ਰਹੀ ਹੈ ਕਿ ਇਹ ਲੋਕ ‘ਐਮਰਜੈਂਸੀ’ ਨੂੰ ਦਿਖਾਉਣ ਦੀ ਇਜਾਜ਼ਤ ਨਹੀਂ ਦੇ ਰਹੇ ਹਨ। ਮੈਨੂੰ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਹੈ ਤੇ ਚੰਡੀਗੜ੍ਹ ‘ਚ ਪੜ੍ਹਾਈ ਕਰਨ ਤੇ ਵੱਡੇ ਹੋਣ ਤੋਂ ਬਾਅਦ ਮੈਂ ਸਿੱਖ ਧਰਮ ਨੂੰ ਨੇੜਿਓਂ ਦੇਖਿਆ ਹੈ ਤੇ ਉਸ ਦਾ ਪਾਲਣ ਕੀਤਾ ਹੈ। ਇਹ ਇੱਕ ਪੂਰਾ ਝੂਠ ਹੈ ਤੇ ਮੇਰੀ ਛਵੀ ਨੂੰ ਖਰਾਬ ਕਰਨ ਤੇ ਮੇਰੀ ਫ਼ਿਲਮ ਨੂੰ ਨੁਕਸਾਨ ਪਹੁੰਚਾਉਣ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ।”
ਦੱਸਣਯੋਗ ਹੈ ਕਿ ਪੰਜਾਬ ਦੇ ਲੋਕ ਕੰਗਨਾ ਰਣੌਤ ਦੀ ‘ਐਮਰਜੈਂਸੀ’ ਨਹੀਂ ਦੇਖ ਸਕਣਗੇ। ਸੂਬੇ ਦੇ ਥੀਏਟਰ ਮਾਲਕਾਂ ਨੇ ਇਸ ਫ਼ਿਲਮ ਦੇ ਵਿਰੁੱਧ ਵੱਡਾ ਫੈਸਲਾ ਲਿਆ ਹੈ। ਜਦੋਂਕਿ ਇਹ ਫ਼ਿਲਮ ਅੱਜ ਪੂਰੇ ਭਾਰਤ ‘ਚ ਰਿਲੀਜ਼ ਹੋ ਗਈ ਹੈ, ਪੰਜਾਬ ਦੇ ਸਿਨੇਮਾ ਮਾਲਕਾਂ ਨੇ ਫ਼ਿਲਮ ਨੂੰ ਨਾ ਦਿਖਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਇਹ ਧਿਆਨ ਦੇਣ ਯੋਗ ਹੈ ਕਿ ਪ੍ਰਸ਼ਾਸਨ ਨੇ ਸੂਬੇ ‘ਚ ਫ਼ਿਲਮ ‘ਤੇ ਕੋਈ ਪਾਬੰਦੀ ਨਹੀਂ ਲਗਾਈ ਹੈ।