ਮੰਡੀ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਨੇ ਬੀਤੇ ਦਿਨੀਂ ਕਿਸਾਨਾਂ ਨਾਲ ਜੁੜਿਆ ਅਜਿਹਾ ਬਿਆਨ ਦਿੱਤਾ ਹੈ ਕਿ ਉਹ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਸਬੰਧਤ ਤਿੰਨ ਕਾਨੂੰਨ ਵਾਪਸ ਲਿਆਂਦੇ ਜਾਣ। ਇੰਨਾ ਹੀ ਨਹੀਂ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਕਿਸਾਨਾਂ ਨੂੰ ਖੁਦ ਇਸ ਦੀ ਮੰਗ ਕਰਨੀ ਚਾਹੀਦੀ ਹੈ।
ਜਿਵੇਂ ਹੀ ਕੰਗਨਾ ਦਾ ਇਹ ਬਿਆਨ ਸਾਹਮਣੇ ਆਇਆ ਤਾਂ ਪੰਜਾਬ ‘ਚ ਹਰ ਪਾਸੇ ਮੁੱਦਾ ਭਖ ਗਿਆ। ਲਗਾਤਾਰ ਵੱਧ ਰਹੇ ਵਿਵਾਦ ਨੂੰ ਵੇਖਦਿਆਂ ਕੰਗਨਾ ਨੇ ਖੇਤੀ ਕਾਨੂੰਨਾਂ ਵਾਲਾ ਆਪਣਾ ਬਿਆਨ ਵਾਪਸ ਲੈ ਲਿਆ। ਕੰਗਨਾ ਨੇ ਆਪਣੇ ਐਕਸ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਹ ਆਖ ਰਹੀ ਹੈ ਕਿ, ‘ਜੇ ਕਿਸੇ ਨੂੰ ਠੇਸ ਪਹੁੰਚੀ ਤਾਂ ਮੈਨੂੰ ਖੇਦ ਹੈ।
ਮੇਰੇ ਇਸ ਬਿਆਨ ਤੋਂ ਬਹੁਤ ਸਾਰੇ ਲੋਕ ਨਿਰਾਸ਼ ਹਨ। ਜਦੋਂ ਬਿੱਲ ਆਏ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਦਾ ਸਮਰਥਨ ਕੀਤਾ ਪਰ ਕਈਆਂ ਨੇ ਇਸ ਦਾ ਵਿਰੋਧ ਕੀਤਾ, ਪਰ ਸਾਡੇ ਪ੍ਰਧਾਨ ਮੰਤਰੀ ਨੇ ਬਹੁਤ ਸੰਵੇਦਨਸ਼ੀਲਤਾ ਨਾਲ ਇਨ੍ਹਾਂ ਬਿੱਲਾਂ ਨੂੰ ਵਾਪਸ ਲੈ ਲਿਆ। ਮੇਰੇ ਵਿਚਾਰ ਮੇਰੇ ਆਪਣੇ ਨਹੀਂ ਹੋਣੇ ਚਾਹੀਦੇ, ਮੇਰੀ ਪਾਰਟੀ ਦਾ ਸਟੈਂਡ ਹੋਣਾ ਚਾਹੀਦਾ ਹੈ। ਮੈ ਹੁਣ ਧਿਆਨ ਰੱਖਾਂਗੀ ਕਿ ਮੈਂ ਕਲਾਕਾਰ ਨਹੀਂ ਬਲਕਿ ਭਾਜਪਾ ਦੀ ਮੈਂਬਰ ਹਾਂ। ਜੇ ਮੇਰੀ ਸੋਚ ਨਾਲ ਕਿਸੇ ਨੂੰ ਠੇਸ ਪਹੁੰਚੀ ਤਾਂ ਮੈਨੂੰ ਖੇਦ ਹੈ। ਮੈਂ ਆਪਣੇ ਸ਼ਬਦ ਵਾਪਸ ਲੈਂਦੀ ਹਾਂ।’