ਚੰਡੀਗੜ੍ਹ : ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੱਤੇਵਾੜਾ ਜੰਗਲ ਡਿਪੂ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਨੇ ਉਕਤ ਡਿਪੂ ਵਿਚ ਸਟੋਰ ਕੀਤੀ ਸਾਰੀ ਲੱਕੜ ਦੀ ਮੁਕੰਮਲ ਜਾਂਚ ਕੀਤੀ।
ਚੈਕਿੰਗ ਦੌਰਾਨ ਕੁਝ ਖਾਮੀਆਂ ਮਿਲਣ ’ਤੇ ਸਬੰਧਤ ਖੇਤਰੀ ਮੈਨੇਜਰ ਦੇ ਤਬਾਦਲੇ ਦਾ ਹੁਕਮ ਦਿੱਤਾ ਗਿਆ ਹੈ ਤੇ ਸਬੰਧਤ ਪ੍ਰਾਜੈਕਟ ਅਫ਼ਸਰ ਤੇ ਹੋਰ ਫੀਲਡ ਸਟਾਫ ਦਾ ਮੌਜੂਦਾ ਤਾਇਨਾਤੀ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਪਰੋਕਤ ਸੜਕ ’ਤੇ ਰੁੱਖਾਂ ਦੀ ਕਟਾਈ ਤੁਰੰਤ ਬੰਦ ਕਰ ਦਿੱਤੀ ਗਈ ਹੈ। ਸਟਾਕ ਦਾ ਸਾਲਾਨਾਵਾਰ ਜਾਇਜ਼ਾ ਲੈਣ ਸਬੰਧੀ ਅੰਤਰ-ਖੇਤਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਤੇ ਭੌਤਿਕ ਤਸਦੀਕ ’ਚ ਕੋਈ ਵੀ ਖਾਮੀ ਮਿਲਣ ਦੀ ਸੂਰਤ ’ਚ ਤੁਰੰਤ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।