ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਕਟੜਾ ਐਕਸਪ੍ਰੈਸ ਵੇ ਬਣਾਇਆ ਜਾ ਰਿਹਾ ਹੈ, ਹਾਲਾਂਕਿ ਇਸ ਨੂੰ ਲੈ ਕੇ ਪੰਜਾਬ ਵਿੱਚ ਕਈ ਥਾਂ ’ਤੇ ਵਿਰੋਧ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਪਰ ਜੇਕਰ ਗੱਲ ਸੰਗਰੂਰ ਦੀ ਕਰੀਏ ਤਾਂ ਇੱਥੋਂ ਦੇ ਲੋਕ ਖੁਸ਼ ਨਜ਼ਰ ਆ ਰਹੇ ਹਨ। ਪਰ ਸਵਾਲ ਇਹ ਹੈ ਕਿ ਕੀ ਕਿੱਥੋਂ ਸੰਗਰੂਰ ਦੇ ਲੋਕ ਇਸ ਕਟੜਾ ਐਕਸਪ੍ਰੈਸ ਵੇ ਦੇ ਉੱਤੇ ਚੜ ਸਕਦੇ ਹਨ ? ਕਿਸ ਤਰ੍ਹਾਂ ਟੋਲ ਲੱਗੇਗਾ? ਤਾਂ ਜਵਾਬ ਇਹ ਹੈ ਕਿ ਸਭ ਤੋਂ ਪਹਿਲਾਂ ਜਦੋਂ ਸੰਗਰੂਰ ਵਾਸੀ ਜਦੋਂ ਹਾਈਵੇ ’ਤੇ ਚੜਨਗੇ ਤਾਂ ਟੋਲ ਪਲਾਜ਼ਾ ਤੇ ਐਂਟਰੀ ਹੋਵੇਗੀ ਅਤੇ ਉਸ ਤੋਂ ਬਾਅਦ ਜਿਸ ਪਾਸੇ ਤੁਸੀ ਜਾਣਾ ਹੈ, ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਲੱਗਣਗੇ।
ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਉਹ ਇਸ ਹਾਈਵੇ ਨੂੰ ਲੈ ਕੇ ਵਿਰੋਧ ਕਰ ਰਹੇ ਹਨ ਪਰ ਜਦੋਂ ਸੰਗਰੂਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ, ਉਹਨਾਂ ਆਖਿਆ ਕਿ ਕਿਹਾ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਮੋਦੀ ਨੇ 10 ਸਾਲ ਦੇ ਵਿੱਚ ਕੁਝ ਨਹੀਂ ਕੀਤਾ। ਉਹ ਇਥੇ ਆ ਕੇ ਵੇਖ ਲੈਣ, ਕਿਉਂਕਿ ਇਹ ਸੜਕਾਂ ਫੌਰਨ ਦੀਆਂ ਸੜਕਾਂ ਨੂੰ ਮਾਤ ਪਾਉਂਦੀਆਂ ਹਨ। ਜਿੱਥੇ ਘੰਟਿਆਂ ਦਾ ਸਫਰ ਸੀ, ਹੁਣ ਸਿਰਫ ਮਿੰਟਾਂ ਦਾ ਰਹਿ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਵਿਰੋਧ ਕਰਨ ਵਾਲੇ ਕਿਸਾਨ ਨਹੀਂ, ਬਲਕਿ ਕਿਸਾਨ ਜਥੇਬੰਦੀਆਂ ਦੇ ਆਗੂ ਹਨ। ਕਿਸਾਨ ਤਾਂ ਸਿਰਫ ਘਰ ਤੋਂ ਖੇਤ ਅਤੇ ਖੇਤ ਤੋਂ ਘਰ ਨੂੰ ਹੀ ਜਾਂਦਾ ਹੈ। ਇਸ ਦੇ ਨਾਲ ਹੀ ਉਥੇ ਹੀ ਕੁਝ ਟਰਾਂਸਪੋਰਟਰਾਂ ਨੇ ਵੀ ਕਿਹਾ ਕਿ ਸਾਨੂੰ ਇਸ ਹਾਈਵੇ ਬਣਨ ਦੇ ਨਾਲ ਬੜਾ ਹੀ ਸੁਖਾਲਾ ਹੋ ਜਾਵੇਗਾ ਕਿਉਂਕਿ ਜਿੱਥੇ ਪਹਿਲਾਂ ਥਾਂ-ਥਾਂ ’ਤੇ ਬ੍ਰੇਕਾਂ ਲੱਗਦੀਆਂ ਸੀ, ਉੱਥੇ ਹੀ ਹੁਣ ਡੀਜ਼ਲ ਦੇ ਨਾਲ-ਨਾਲ ਸਮੇਂ ਦੀ ਵੀ ਬੱਚਤ ਹੋਵੇਗੀ।