22 ਜੁਲਾਈ ਤੋਂ ਕਾਵੜ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਜੋ ਕਿ 2 ਅਗਸਤ ਤੱਕ ਜਾਰੀ ਰਹੇਗੀ। ਸ਼ਿਵਰਾਤਰੀ ਮੌਕੇ ਹੋਣ ਜਾ ਰਹੀ ਕਾਵੜ ਯਾਤਰਾ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਕਾਵੜੀਆਂ ਦੀ ਸੁਰੱਖਿਅਤ ਯਾਤਰਾ ਲਈ ਪੁਖਤਾ ਪ੍ਰਬੰਧ ਕੀਤੇ ਹਨ। ਇੰਨ੍ਹਾਂ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ, ਜਿਸ ਦੇ ਸੰਬੰਧ ਵਿੱਚ ਸਰਕਾਰੀ ਬੁਲਾਰੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਰਿਆਣਾ ਦੇ ਬਹੁਤ ਸਾਰੇ ਸ਼ਰਧਾਲੂ ਹਰਿਦੁਆਰ ਤੋਂ ਕਾਵੜ ਲੈ ਕੇ ਆਉਂਦੇ ਹਨ। ਜ਼ਿਆਦਾਤਰ ਸ਼ਰਧਾਲੂ ਯਮੁਨਾਨਗਰ ਰਾਹੀਂ ਕਾਵੜ ਲਿਆਉਂਦੇ ਹਨ। ਮੁੱਖ ਮਾਰਗਾਂ ਅਤੇ ਹੋਰ ਰਸਤਿਆਂ ‘ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੁਲਿਸ ਵਿਭਾਗ ਪੂਰੀ ਤਰ੍ਹਾਂ ਚੌਕਸ ਰਹੇਗਾ ਅਤੇ ਅਮਨ-ਕਾਨੂੰਨ ਤੇ ਸ਼ਾਂਤੀ ਨੂੰ ਕਿਸੇ ਵੀ ਸੂਰਤ ਵਿੱਚ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਕਾਵੜ ਯਾਤਰਾ ਦੌਰਾਨ ਕਾਵੜ ਸ਼ਰਧਾਲੂ ਅਕਸਰ ਭੰਗ ਆਦਿ ਦਾ ਸੇਵਨ ਕਰਦੇ ਹਨ ਅਤੇ ਮਸਤੀ ਕਰਦੇ ਸਮੇਂ ਰੌਲਾ ਵੀ ਪਾਉਂਦੇ ਹਨ। ਇਸ ਦੇ ਲਈ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਿਸ਼ੇਸ਼ ਧਿਆਨ ਰੱਖਣ ਅਤੇ ਆਵਾਜਾਈ ਵਿੱਚ ਵਿਘਨ ਨਾ ਪੈਣ ਦੇਣ।
ਇਸ ਦੇ ਨਾਲ ਹੀ ਕਾਵੜੀਆਂ ਦੇ ਡੇਰੇ ਹੋਰਨਾਂ ਭਾਈਚਾਰਿਆਂ ਦੇ ਧਾਰਮਿਕ ਸਥਾਨਾਂ ਤੋਂ ਢੁੱਕਵੀਂ ਦੂਰੀ ‘ਤੇ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਪਾਰਕਿੰਗ ਦਾ ਪ੍ਰਬੰਧ ਵੀ ਸੜਕ ਤੋਂ ਦੂਰ ਰੱਖਿਆ ਜਾਵੇ ਤਾਂ ਜੋ ਟਰੈਫਿਕ ਵਿਵਸਥਾ ਵਿੱਚ ਕੋਈ ਵਿਘਨ ਨਾ ਪਵੇ ਅਤੇ ਕਾਵੜ ਯਾਤਰਾ ਨਿਰਵਿਘਨ ਚਲਦੀ ਰਹੇ। ਉਨ੍ਹਾਂ ਕਿਹਾ ਕਿ ਕਾਵੜ ਕੈਂਪਾਂ ਦੇ ਪ੍ਰਬੰਧਕਾਂ ਨੂੰ ਕਾਵੜ ਕੈਂਪਾਂ ਵਿੱਚ ਸੀਸੀਟੀਵੀ ਕੈਮਰਿਆਂ, ਮਰਦਾਂ ਅਤੇ ਔਰਤਾਂ ਲਈ ਵੱਖ-ਵੱਖ ਪਖਾਨਿਆਂ ਦਾ ਢੁੱਕਵਾਂ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਜਿਨ੍ਹਾਂ ਰਸਤਿਆਂ ਤੋਂ ਕਾਵੜੀਆਂ ਦੀ ਆਮਦ ਜ਼ਿਆਦਾ ਹੁੰਦੀ ਹੈ, ਉਸ ਤੋਂ ਟਰੈਫਿਕ ਨੂੰ ਡਾਇਵਰਟ ਕਰਨਾ ਚਾਹੀਦਾ ਹੈ।