ਲੋਕ ਸਭਾ ਚੋਣਾਂ ਦੇ ਚੱਲਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਸ਼ੁੱਕਰਵਾਰ ਸਵੇਰੇ ਅੰਮ੍ਰਿਤਸਰ ’ਚ ਭਗਵਾਨ ਸ੍ਰੀ ਵਾਲਮੀਕਿ ਤੀਰਥ ਅਸਥਾਨ ’ਤੇ ਮੱਥਾ ਟੇਕਿਆ ਅਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪ ਦੇ ਵਰਕਰਾਂ ਨਾਲ ਮੀਟਿੰਗ ਕੀਤੀ।
ਹਾਲਾਂਕਿ ਅਰਵਿੰਦ ਕੇਜਰੀਵਾਲ ਨੂੰ ਆਪਣੀਆਂ ਹੋਰ ਚੋਣ ਪ੍ਰਚਾਰ ਪ੍ਰਤੀਬੱਧਤਾਵਾਂ ਕਾਰਨ ਆਪਣਾ ਪੰਜਾਬ ਦਾ ਦੌਰਾ ਦਾ ਸਮਾਂ ਘਟਾਉਣਾ ਪਿਆ, ਪਰ ਸਮੇਂ ਦੀ ਘਾਟ ਦੇ ਬਾਵਜੂਦ ਉਨ੍ਹਾਂ ਨੇ ਸਮਾਂ ਕੱਢ ਕੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਅਸਥਾਨ ’ਤੇ ਪਹੁੰਚੇ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਅੰਮ੍ਰਿਤਸਰ ਤੋਂ ਲੋਕ-ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਰਹੇ।
ਜਿਕਰ ਯੋਗ ਹੈ ਕਿ ਅੱਜ ਤੋਂ ਇੱਕ ਦਿਨ ਪਹਿਲਾਂ ‘ਆਪ’ ਆਗੂ ਅੰਮ੍ਰਿਤਸਰ ’ਚ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਚ ਨਤਮਸਤਕ ਹੋਏ ਸੀ। ਜਿੱਥੇ ਉਨ੍ਹਾਂ ਰੱਬ ਅੱਗੇ ਪੰਜਾਬ ਦੀ ਸ਼ਾਂਤੀ ਅਤੇ ਸਾਡੇ ਦੇਸ਼ ਨੂੰ ਮੁੜ ਸਹੀ ਰਸਤੇ ‘ਤੇ ਲਿਆਉਣ ਦੀ ਅਰਦਾਸ ਕੀਤੀ। ਇਸ ਦੌਰਾਨ ਵੀ ਉਨ੍ਹਾਂ ਨਾਲ ਵੱਡੀ ਗਿਣਤੀ ‘ਚ ‘ਆਪ’ ਸਮਰਥਕ ਵੀ ਮੌਜੂਦ ਰਹੇ।