ਚੰਡੀਗੜ੍ਹ/ਪਟਿਆਲਾ : ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ। ਪਹਿਲੇ ਜੱਥੇ ਵਿਚ 101 ਕਿਸਾਨਾਂ ਦਾ ਜੱਥਾ ਪੈਦਲ ਹੀ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਹਰਿਆਣਾ ਪੁਲਸ ਵੱਲੋਂ ਅੱਜ ਵੀ ਸਖ਼ਤ ਪ੍ਰਬੰਧਾਂ ਨਾਲ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। ਹਰਿਆਣਾ ਵੱਲੋਂ ਪੰਜਾਬ ਤੇ ਹਰਿਆਣਾ ਵਿਚਾਲੇ ਪੈਂਦੇ ਘੱਗਰ ਦੇ ਪੁਲ਼ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਉੱਥੇ ਕੰਕਰੀਟ ਦੀ ਬੈਰੀਕੇਡਿੰਗ ਕੀਤੀ ਗਈ ਹੈ। ਇਸ ਦੌਰਾਨ ਹਰਿਆਣਾ ਪੁਲਸ ਦੇ ਅਫ਼ਸਰਾਂ ਤੇ ਕਿਸਾਨਾਂ ਵਿਚਾਲੇ ਤਿੱਖੀ ਬਹਿਸ ਵੀ ਹੋ ਗਈ ਹੈ।
ਦਰਅਸਲ, ਹਰਿਆਣਾ ਪੁਲਸ ਵੱਲੋਂ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਉਹ ਦਿੱਲੀ ਕੂਚ ਦੀ ਪਰਮਿਸ਼ਨ ਦਿਖਾਉਣ, ਤਾਂ ਹੀ ਉਨ੍ਹਾਂ ਨੂੰ ਇੱਥੋਂ ਲੰਘਣ ਦਿੱਤਾ ਜਾਵੇਗਾ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਹਰਿਆਣਾ ਪੁਲਸ ਇਸ ਵੇਲੇ ਪੰਜਾਬ ਦੀ ਸਰਹੱਦ ਵਿਚ ਖੜ੍ਹੀ ਹੈ। ਕਿਸਾਨਾਂ ਵੱਲੋਂ ਹਰਿਆਣਾ ਪੁਲਸ ਤੋਂ ਹੀ ਉੱਥੇ ਆਉਣ ਦੀ ਪਰਮਿਸ਼ਨ ਦਿਖਾਉਣ ਦੀ ਗੱਲ ਆਖ਼ੀ ਜਾ ਰਹੀ ਹੈ। ਫ਼ਿਲਹਾਲ ਦੋਹਾਂ ਪਾਸਿਓਂ ਤਿੱਖੀ ਬਹਿਸਬਾਜ਼ੀ ਜਾਰੀ ਹੈ।