ਸੜਕਾਂ ’ਤੇ ਵੱਧ ਰਹੇ ਹਾਦਸਿਆਂ ਦਾ ਕਾਰਨ ਲਾਪਰਵਾਹੀ ਨਾਲ ਵਾਹਨ ਚਲਾਉਣਾ ਜਾਂ ਵੱਧ ਰਹੇ ਵਾਹਨਾਂ ਦੀ ਗਿਣਤੀ ਹੈ। ਅਜਿਹੇ ’ਚ ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਨੂੰ ਰੋਕਣ ਲਈ ਟਰੈਫਿਕ ਨਿਯਮਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤਾ ਹਨ। ਸਰਕਾਰੀ ਹੁਕਮ ਮੁਤਾਬਕ ਜੇਕਰ ਕੋਈ ਨਾਬਾਲਗ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸਦੇ ਮਾਪਿਆਂ ਨੂੰ ਕੈਦ ਦੀ ਸਜ਼ਾ ਦੇ ਨਾਲ-ਨਾਲ ਭਾਰੀ ਜ਼ੁਰਮਾਨਾ ਵੀ ਹੋ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ’ਤੇ ਇਹ ਹੁਕਮ ਟ੍ਰੈਫਿਕ ਅਤੇ ਸੜਕ ਸੁਰੱਖਿਆ ਪੰਜਾਬ, ਚੰਡੀਗੜ੍ਹ ਵੱਲੋਂ ਸਮੂਹ ਕਮਿਸ਼ਨਰ ਪੁਲਿਸ, ਸਮੂਹ ਸੀਨੀਅਰ ਕਪਤਾਨ ਪੁਲਿਸ ਨੂੰ ਜਾਰੀ ਕੀਤੇ ਗਏ ਹਨ।
ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਟਰੈਫਿਕ ਐਜੂਕੇਸ਼ਨ ਸੈਲ/ਟਰੈਫਿਕ ਸਟਾਫ ਰਾਹੀਂ ਆਮ ਪਬਲਿਕ ਨੂੰ ਜਿਲ੍ਹਾ ਪੱਧਰ ’ਤੇ ਪਬਲਿਕ ਰਿਲੇਸ਼ਨ ਅਫਸਰ ਰਾਹੀ ਸਕੂਲਾਂ ਵਿੱਚ ਜਾ ਕੇ ਬੱਚਿਆ ਨੂੰ ਇੱਕ ਮਹੀਨੇ ਲਈ ਭਾਵ 31.07.2024 ਤੱਕ ਮੋਟਰ ਵਹੀਕਲ ਐਕਟ (ਸੋਧ 2019) ਦੀ ਧਾਰਾ 199-ਏ ਅਤੇ 199-ਬੀ ਬਾਰੇ ਜਾਗਰੂਕ ਕੀਤਾ ਜਾਵੇ।
ਜਨਤਾ ਨੂੰ ਜਾਗੂਰਕ ਕੀਤਾ ਜਾਵੇ ਕਿ ਜੇਕਰ ਕੋਈ ਨਾਬਾਲਗ ਬੱਚਾ 31.07.2024 ਤੋਂ ਬਾਅਦ ਚੈਕਿੰਗ ਦੌਰਾਨ 2 ਪਹੀਆਂ ਅਤੇ 4 ਪਹੀਆਂ ਵਹੀਕਲ ਚਲਾਉਂਦਾ ਹੋਇਆ ਪਾਇਆ ਗਿਆ ਜਾਂ ਕਿਸੇ ਹੋਰ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਮਾਤਾ ਪਿਤਾ ਦੇ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਸ ਵਿੱਚ 3 ਸਾਲ ਦੀ ਕੈਦ ਅਤੇ 25000 ਜੁਰਮਾਨਾ ਸ਼ਾਮਲ ਹੈ।
ਹੁਕਮਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਨਾ-ਬਾਲਗ ਬੱਚਾ ਕਿਸੇ ਪਾਸੋਂ 2 ਪਹੀਆਂ ਵਾਹਨ ਜਾਂ 4 ਪਹੀਆਂ ਵਾਹਨ ਮੰਗ ਕੇ ਚਲਾਉਂਦਾ ਹੈ ਤਾਂ ਉਸ ਵਹੀਕਲ ਮਾਲਕ ਦੇ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੁਕਮਾਂ ’ਚ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਵੱਧ ਤੋ ਵੱਧ ਜਾਗਰੂਰਕਤਾ ਕੈਂਪ ਲਗਾਏ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਨਿਰਦੇਸ਼ਾਂ ’ਚ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਇਸ ਸਬੰਧੀ ਕੀਤੀ ਗਈ ਕਾਰਵਾਈ ’ਤੇ ਮਿਤੀ 01.08.2024 ਨੂੰ ਦਿਨ ਪ੍ਰਤੀ ਦਿਨ ਲਗਾਏ ਗਏ ਕੈਂਪਾਂ ਦੀਆਂ ਫੋਟੋਆਂ, ਲੋਕੇਸ਼ਨਾਂ ਅਤੇ ਅਖ਼ਬਾਰਾਂ ਦੀਆਂ ਕਟਿੰਗਾਂ ਇਸ ਦਫਤਰ ਨੂੰ ਭੇਜੀਆਂ ਜਾਣ।